ਅਧਿਆਪਕ ਬਦਲੀਆਂ ਲਈ ਸਟੇਸ਼ਨ ਚੋਣ ਕਰਵਾਉਣ ਦੀ ਮੰਗ

ਪੰਜਾਬ

ਮੋਹਾਲੀ, 28 ਜੁਲਾਈ, ਦੇਸ਼ ਕਲਿੱਕ ਬਿਓਰੋ :
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ,ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ ਨੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਬਦਲੀਆਂ ਸਬੰਧੀ ਦਿਖਾਈ ਜਾ ਰਹੀ ਨਲਾਇਕੀ ਦੀ ਨਿਖੇਧੀ ਕਰਦਿਆਂ ਬਦਲੀ ਪੋਰਟਲ ਤੇ ਸਟੇਸ਼ਨ ਚੋਣ ਤੁਰੰਤ ਦੇਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਈ ਪੰਜਾਬ ਪੋਰਟਲ ਉੱਪਰ ਬਦਲੀ ਪ੍ਰਕਿਰਿਆ 6 ਜੂਨ ਤੋਂ ਸ਼ੁਰੂ ਕਰਕੇ ਜੁਲਾਈ ਮਹੀਨੇ ਦੇ ਲਗਭਗ ਪੂਰਾ ਬੀਤ ਜਾਣ ਦੇ ਬਾਵਜੂਦ ਅਧਿਆਪਕਾਂ ਲਈ ਸਟੇਸ਼ਨ ਚੋਣ ਕਰਨ ਲਈ ਨਹੀਂ ਖੋਲ੍ਹਿਆ ਜਾ ਸਕਿਆ ਹੈ ਜਿਸ ਕਾਰਣ ਲੰਬੇ ਸਮੇਂ ਤੋਂ ਬਦਲੀਆਂ ਉਡੀਕ ਰਹੇ ਅਧਿਆਪਕ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਮਹਿਸੂਸ ਕਰ ਰਹੇ ਹਨ। ਉਹ ਜੱਥੇਬੰਦੀਆਂ ਦੇ ਆਗੂਆਂ ਅਤੇ ਆਪਣੇ ਆਪਣੇ ਸ੍ਰੋਤਾਂ ਤੋਂ ਬਦਲੀ ਪੋਰਟਲ ਦੇ ਸਟੇਸ਼ਨ ਚੋਣ ਲਈ ਖੋਲ੍ਹੇ ਜਾਣ ਬਾਰੇ ਸੂਚਨਾ ਲੈਣਾ ਚਾਹੁੰਦੇ ਹਨ ਪਰ ਪਿਛਲੇ ਸਮੇਂ ਵਿੱਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਖ ਵੱਖ ਜੱਥੇਬੰਦੀਆਂ ਅਤੇ ਹੋਰਨਾਂ ਸ੍ਰੋਤਾਂ ਨੂੰ ਦਿੱਤੀ ਗਈ ਸੂਚਨਾ ਅੱਜ ਤੱਕ ਝੂਠੀ ਸਾਬਤ ਹੋਈ ਹੈ ਜਿਸ ਕਾਰਣ ਅਧਿਆਪਕਾਂ ਸਿੱਖਿਆ ਵਿਭਾਗ ਦੀ ਕਾਰਜਸ਼ੈਲੀ ਤੋਂ ਨਿਰਾਸ਼ ਹਨ।

ਇਸ ਮੌਕੇ ਡੈਮੋਕ੍ਰੈਟਿਕ ਟੀਚਰਜ਼ ਆਗੂਆਂ ਅਮਰੀਕ ਸਿੰਘ ਸ਼ਿਵ ਸ਼ੰਕਰ ਰੌਸ਼ਨ ਲਾਲ ਡਾ ਹਰਿੰਦਰ ਸਿੰਘ ਰਮੇਸ਼ ਕੁਮਾਰ ਚਰਨਜੀਤ ਸਿੰਘ ਮੈਡਮ ਪ੍ਰੇਮ ਰਾਣੀ ਨੇ ਕਿਹਾ ਕਿ ਵਿਭਾਗ ਵੱਲੋਂ ਸਮੇਂ ਸਿਰ ਬਦਲੀਆਂ ਨਾ ਕਰਨਾ ਅਤੇ ਬਦਲੀਆਂ ਦੀ ਥਾਂ ਡੈਪੂਟੇਸ਼ਨਾਂ ਕਰਨਾ ਵਿਭਾਗ ਵਿੱਚ ਰਾਜਨੀਤਕ ਦਖ਼ਲਅੰਦਾਜ਼ੀ ਦਾ ਹੀ ਸਬੂਤ ਹੈ। ਆਗੂਆਂ ਨੇ ਮੰਗ ਕੀਤੀ ਕਿ ਬਦਲੀ ਪੋਰਟਲ ਸਟੇਸ਼ਨ ਚੋਣ ਲਈ ਤੁਰੰਤ ਖੋਲ੍ਹਿਆ ਜਾਵੇ ਅਤੇ ਈ ਟੀ ਟੀ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਅਤੇ ਪੀ ਟੀ ਆਈ ਤੋਂ ਡੀ ਪੀ ਈ ਵਜੋਂ ਦੁਰੇਡੇ ਸਟੇਸ਼ਨਾਂ ‘ਤੇ ਤਰੱਕੀਆਂ ਲੈਣ ਵਾਲੇ ਅਧਿਆਪਕਾਂ ਨੂੰ ਵੀ ਬਦਲੀਆਂ ਦਾ ਮੌਕਾ ਦਿੱਤਾ ਜਾਵੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।