ਕੈਂਸਰ ਦਾ ਜਲਦ ਪਤਾ ਲਗਾਉਣਾ ਹੀ ਇਸਦੇ ਪ੍ਰਭਾਵਸ਼ਾਲੀ ਇਲਾਜ ਦੀ ਕੁੰਜੀ: ਸਿਹਤ ਮੰਤਰੀ ਡਾ. ਬਲਬੀਰ ਸਿੰਘ
ਸਿਹਤ ਮੰਤਰੀ ਵੱਲੋਂ ਕੈਂਸਰ ਦੇ ਮਿਆਰੀ ਇਲਾਜ ਲਈ ਸਟੈਂਡਰਡ ਗਾਈਡਲਾਈਨਜ਼ ਜਾਰੀ
ਚੰਡੀਗੜ੍ਹ, 30 ਜੁਲਾਈ: ਦੇਸ਼ ਕਲਿੱਕ ਬਿਓਰੋ
ਕੈਂਸਰ ਦੇ ਵਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ), ਇੰਡੀਆ ਦੇ ਨਾਲ ਤਾਲਮੇਲ ਰਾਹੀਂ ਬਠਿੰਡਾ, ਐਸਏਐਸ ਨਗਰ (ਮੋਹਾਲੀ) ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਇੱਕ ਵਿਆਪਕ ਅਤੇ ਲੋਕ-ਕੇਂਦਰਿਤ ਕੈਂਸਰ ਕੇਅਰ ਪਾਇਲਟ ਪ੍ਰੋਜੈਕਟ ‘ ਮਿਸ਼ਨ ਉਮੀਦ ‘ ਸ਼ੁਰੂ ਕੀਤਾ ਹੈ। ਇਸ ਮਹੱਤਵਪੂਰਨ ਪ੍ਰੋਜੈਕਟ ਦਾ ਉਦਘਾਟਨ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਬਲਬੀਰ ਸਿੰਘ ਅਤੇ ਭਾਰਤ ਵਿੱਚ ਡਬਲਿਊਐਚਓ ਦੇ ਨੁਮਾਇੰਦੇ ਡਾ. ਰੋਡਰਿਕੋ ਐਚ. ਓਫਰਿਨ ਦੁਆਰਾ ਸਾਂਝੇ ਤੌਰ ‘ਤੇ ਕੀਤਾ ਗਿਆ, ਜੋ ਕਿ ਕੈਂਸਰ ਦੇਖਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਸਾਰਿਆਂ ਲਈ ਤੁਰੰਤ, ਸਮਾਨ ਅਤੇ ਮਿਆਰੀ ਇਲਾਜ ਯਕੀਨੀ ਬਣਾਉਣ ਲਈ ਰਾਜ ਦੀ ਵਚਨਬੱਧਤਾ ਤਹਿਤ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
ਇਹ ਮੋਹਰੀ ਪਹਿਲਕਦਮੀ ਵਿਕੇਂਦਰੀਕ੍ਰਿਤ ਅਤੇ ਪ੍ਰਣਾਲੀ-ਅਧਾਰਤ ਪਹੁੰਚ ਰਾਹੀਂ ਮੂੰਹ, ਛਾਤੀ ਅਤੇ ਬੱਚੇਦਾਨੀ ਦੇ ਕੈਂਸਰ, ਜੋ ਭਾਰਤ ਵਿੱਚ ਤਿੰਨ ਸਭ ਤੋਂ ਵੱਧ ਪ੍ਰਚਲਿਤ ਅਤੇ ਰੋਕਥਾਮਯੋਗ ਕੈਂਸਰ ਬਿਮਾਰੀਆਂ ਹਨ, ਦਾ ਸ਼ੁਰੂ ਵਿੱਚ ਹੀ ਪਤਾ ਲਗਾਉਣ, ਸਮੇਂ ਸਿਰ ਜਾਂਚ ਅਤੇ ਤੁਰੰਤ ਇਲਾਜ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤੀ ਗਈ ਹੈ। ਇਹ ਪ੍ਰਣਾਲੀ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ (ਐਨਪੀ-ਐਨਸੀਡੀ) ਨਾਲ ਰਣਨੀਤਕ ਤੌਰ ‘ਤੇ ਮੇਲ ਖਾਂਦੀ ਹੈ ਅਤੇ ਇਸਦਾ ਉਦੇਸ਼ ਪੰਜਾਬ ਦੀ ਜਨਤਕ ਸਿਹਤ ਪ੍ਰਣਾਲੀ ਦੇ ਸਾਰੇ ਪੱਧਰਾਂ ਅਰਥਾਤ ਜ਼ਮੀਨੀ ਪੱਧਰ ‘ਤੇ ਆਯੁਸ਼ਮਾਨ ਅਰੋਗਿਆ ਕੇਂਦਰਾਂ ਤੋਂ ਲੈ ਕੇ ਐਡਵਾਂਸਡ ਟਰਸ਼ਰੀ ਕੇਅਰ ਹਸਪਤਾਲਾਂ ਤੱਕ, ਕੈਂਸਰ ਦੇਖਭਾਲ ਸੇਵਾਵਾਂ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਭਾਈਵਾਲੀ ਦਾ ਉਦੇਸ਼ ਕੈਂਸਰ ਦੇ ਕੇਸਾਂ ਸਬੰਧੀ ਮੌਜੂਦਾ ਰੁਝਾਨ ਨੂੰ ਉਲਟਾਉਣਾ ਹੈ, ਜਿੱਥੇ ਪੰਜਾਬ ਵਿੱਚ 60 ਫੀਸਦ ਤੋਂ ਵੱਧ ਕੈਂਸਰ ਦੇ ਕੇਸਾਂ ਦਾ ਪਤਾ ਐਡਵਾਂਸਡ ਸਟੇਜ ‘ਤੇ ਹੁੰਦਾ ਹੈ, ਜਿਸ ਨਾਲ ਇਸਦੇ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਦੀ ਗੁੰਜਾਇਸ਼ ਸੀਮਤ ਰਹਿ ਜਾਂਦੀ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੈਂਸਰ ਦਾ ਮਤਲਬ ਮੌਤ ਨਹੀਂ ਹੈ ਅਤੇ ਜੇਕਰ ਸਮੇਂ ਸਿਰ ਇਸਦਾ ਪਤਾ ਲੱਗ ਜਾਵੇ ਤਾਂ ਇਹ ਬਹੁਤ ਹੱਦ ਤੱਕ ਠੀਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸਦਾ ਜਲਦ ਪਤਾ ਲੱਗਣਾ ਹੀ ਇਸਦੇ ਪ੍ਰਭਾਵਸ਼ਾਲੀ ਇਲਾਜ ਦੀ ਕੁੰਜੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਸਿਹਤ ਵਿੱਚ ਸਾਡੇ ਵਿਸ਼ਵਾਸ ਨੂੰ ਇੱਕ ਮੌਲਿਕ ਅਧਿਕਾਰ ਵਜੋਂ ਦਰਸਾਉਂਦੀ ਹੈ ਅਤੇ ਸਾਰਿਆਂ ਲਈ ਇੱਕ ਪ੍ਰਭਾਵਸ਼ਾਲੀ ਅਤੇ ਸਮਾਵੇਸ਼ੀ ਸਿਹਤ ਪ੍ਰਣਾਲੀ ਬਣਾਉਣ ਦੇ ਸਾਡੇ ਸੰਕਲਪ ਦਾ ਪ੍ਰਤੀਬਿੰਬ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਕ ਮਿਸਾਲ ਕਾਇਮ ਕਰ ਰਹੇ ਹਾਂ ਅਤੇ ਇਹ ਦਿਖਾ ਰਹੇ ਹਾਂ ਕਿ ਕਿਵੇਂ ਆਧੁਨਿਕ ਸਿਹਤ ਪ੍ਰਣਾਲੀ ਅਤੇ ਮਜ਼ਬੂਤ ਭਾਈਵਾਲੀ ਰਾਹੀਂ ਅਸੀਂ ਮਰੀਜ਼ਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾ ਸਕਦੇ ਹਾਂ। ਉਨ੍ਹਾਂ ਨੇ ਗੈਰ-ਸਿਹਤਮੰਦ ਜੀਵਨ ਸ਼ੈਲੀ ਅਤੇ ਮਾੜੀਆਂ ਖੁਰਾਕੀ ਆਦਤਾਂ ਨੂੰ ਕੈਂਸਰ ਦੀਆਂ ਵਧਦੀਆਂ ਘਟਨਾਵਾਂ ਲਈ ਇੱਕ ਵੱਡਾ ਕਾਰਕ ਦੱਸਿਆ ਅਤੇ ਨਾਗਰਿਕਾਂ ਨੂੰ ਇੱਕ ਸਿਹਤਮੰਦ ਰੁਟੀਨ ਅਪਣਾਉਣ ਦੀ ਸਲਾਹ ਦਿੱਤੀ ਜਿਸ ਵਿੱਚ ਰੋਜ਼ਾਨਾ ਘੱਟੋ-ਘੱਟ ਇੱਕ ਘੰਟਾ ਸਰੀਰਕ ਕਸਰਤ ਅਤੇ ਘਰ ਵਿੱਚ ਪਕਾਇਆ ਪੌਸ਼ਟਿਕ ਭੋਜਨ ਖਾਣਾ ਆਦਿ ਸ਼ਾਮਲ ਹੈ।
ਭਾਰਤ ਦੇ ਡਬਲਯੂ.ਐਚ.ਓ. ਦੇ ਪ੍ਰਤੀਨਿਧੀ ਡਾ. ਰੋਡੇਰੀਕੋ ਐਚ. ਓਫਰੀਨ ਨੇ ਪੰਜਾਬ ਦੇ ਸੁਚੱਜੇ ਜਨਤਕ ਸਿਹਤ ਦ੍ਰਿਸ਼ਟੀਕੋਣ ਅਤੇ ਐਨਐਸਡੀਜ਼ ਦੀ ਰੋਕਥਾਮ ਅਤੇ ਕੰਟਰੋਲ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ‘ਮਿਸ਼ਨ ਉਮੀਦ’ ਆਪਣੀ ਵਿਆਪਕ ਕਾਰਜ ਯੋਜਨਾ ਨਾਲ ਦੇਸ਼ ਵਿੱਚ ਵਿਆਪਕ ਕੈਂਸਰ ਦੇਖਭਾਲ ਵਿੱਚ ਮੋਹਰੀ ਭੂਮਿਕਾ ਵਜੋਂ ਉੱਭਰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਵੇਸ਼ਾਂ ਅਤੇ ਯਤਨਾਂ ਨੂੰ ਕਾਇਮ ਰੱਖਦਿਆਂ ਪੰਜਾਬ 2030 ਤੱਕ ਐਸਡੀਜੀ-3 ਦੇ ਐਨਐਸਡੀ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਰਾਹ ‘ਤੇ ਹੈ। ਉਨ੍ਹਾਂ ਅੱਗੇ ਕਿਹਾ ਕਿ ਡਬਲਯੂ.ਐਚ.ਓ. ਇਸ ਮਹੱਤਵਪੂਰਨ ਪਹਿਲਕਦਮੀ ਵਿੱਚ ਭਾਈਵਾਲ ਹੋਣ ‘ਤੇ ਮਾਣ ਮਹਿਸੂਸ ਕਰਦਾ ਹੈ ਅਤੇ ਇਸ ਮਾਡਲ ਨੂੰ ਦੇਸ਼ ਭਰ ਵਿੱਚ ਅਪਣਾਏ ਜਾਣ ਲਈ ਆਪਣੀ ਸਮੁੱਚੀ ਤਕਨੀਕੀ ਸਹਾਇਤਾ ਦੀ ਪੇਸ਼ਕਸ਼ ਜਾਰੀ ਰੱਖੇਗਾ।
ਕੈਂਸਰ ਕੇਅਰ ਪਾਇਲਟ ਇੱਕ ਤਿੰਨ-ਪੱਧਰੀ ਮਜ਼ਬੂਤ ਰੈਫਰਲ ਮਾਡਲ ਨੂੰ ਅਪਣਾਉਂਦਾ ਹੈ ਅਤੇ ਇਸ ਵਿੱਚ ਇੱਕ ਵਿਆਪਕ ਸ਼੍ਰੇਣੀਆਂ ਜਿਵੇਂ 30 ਸਾਲ ਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਯੂਨੀਵਰਸਲ ਸਕ੍ਰੀਨਿੰਗ ਤੋਂ ਲੈ ਕੇ ਫਰੰਟਲਾਈਨ ਵਰਕਰਾਂ ਅਤੇ ਕਲੀਨਿਕਲ ਸਟਾਫ ਦੀ ਸਮਰੱਥਾ ਵਿੱਚ ਵਾਧਾ, ਫਾਲੋ-ਅੱਪ ਅਤੇ ਰੈਫਰਲ ਪ੍ਰਣਾਲੀਆਂ ਦਾ ਏਕੀਕਰਨ, ਐਨਪੀ-ਐਨਸੀਡੀ ਪੋਰਟਲ ਰਾਹੀਂ ਡਿਜੀਟਲ ਨਿਗਰਾਨੀ, ਆਸ਼ਾ, ਕਮਿਊਨਿਟੀ ਹੈਲਥ ਅਫਸਰਾਂ ਅਤੇ ਸਥਾਨਕ ਸ਼ਾਸਨ ਢਾਂਚਿਆਂ ਦੀ ਅਗਵਾਈ ਵਿੱਚ ਭਾਈਚਾਰਿਆਂ ਦੀ ਸ਼ਮੂਲੀਅਤ ਅਤੇ ਜਾਗਰੂਕਤਾ ਮੁਹਿੰਮਾਂ ਸ਼ਾਮਲ ਹਨ।
ਇਹ ਪ੍ਰੋਜੈਕਟ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇਨੀਸ਼ੀਏਟਿਵ ਵਰਗੇ ਖੇਤਰਾਂ ਵਿੱਚ ਡਬਲਯੂ.ਐਚ.ਓ. ਇੰਡੀਆ ਨਾਲ ਪੰਜਾਬ ਦੇ ਮਜ਼ਬੂਤ ਸਹਿਯੋਗ ‘ਤੇ ਆਧਾਰਿਤ ਹੈ ਅਤੇ ਹੁਣ ਕੈਂਸਰ ਵਰਗੀ ਗੰਭੀਰ ਚੁਣੌਤੀ ਨੂੰ ਹੱਲ ਕਰਨ ਲਈ ਉਸ ਸਾਂਝੇਦਾਰੀ ਦਾ ਵਿਸਥਾਰ ਕਰਦਾ ਹੈ। ਸ਼ੁਰੂਆਤੀ ਖੋਜ ਅਤੇ ਇਲਾਜ ਦੀ ਪਾਲਣਾ ਵਿੱਚ ਵਾਧਾ ਕਰਨ ਤੋਂ ਇਲਾਵਾ, ਇਸ ਪਾਇਲਟ ਪ੍ਰੋਜੈਕਟ ਦਾ ਉਦੇਸ਼ ਤੀਜੇ ਦਰਜੇ ਦੇ ਹਸਪਤਾਲਾਂ ‘ਤੇ ਬੋਝ ਘਟਾਉਣਾ, ਕਮਿਊਨਿਟੀ-ਪੱਧਰੀ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਅਤੇ ਇੱਕ ਸਕੇਲੇਬਲ ਮਾਡਲ ਸਥਾਪਤ ਕਰਨਾ ਹੈ ਜੋ ਕੈਂਸਰ ਦੀ ਰੋਕਥਾਮ ਅਤੇ ਇਲਾਜ ਵਿੱਚ ਕੌਮੀ ਅਤੇ ਵਿਸ਼ਵਵਿਆਪੀ ਰਣਨੀਤੀਆਂ ਤਿਆਰ ਕਰਦਾ ਹੈ।
ਇਸ ਤੋਂ ਪਹਿਲਾਂ ਡਾ. ਬਲਬੀਰ ਸਿੰਘ ਨੇ ਸਟੈਂਡਰਡ ਟ੍ਰੀਟਮੈਂਟ ਗਾਈਡਲਾਈਨਜ਼ (ਐਸਟੀਜੀਜ਼) ਵੀ ਜਾਰੀ ਕੀਤੇ, ਜੋ ਸਿਹਤ ਸੰਭਾਲ ਪ੍ਰਦਾਤਾਵਾਂ ਅਤੇ ਨੀਤੀ ਨਿਰਮਾਤਾਵਾਂ ਲਈ ਸੂਬੇ ਭਰ ਵਿੱਚ ਸਮਾਨ, ਉੱਚ-ਗੁਣਵੱਤਾ ਵਾਲੀ ਕੈਂਸਰ ਦੇਖਭਾਲ ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਨ ਰੋਡਮੈਪ ਪ੍ਰਦਾਨ ਕਰਦੇ ਹਨ। ਐਸਟੀਜੀਜ਼ ਏਮਜ਼ ਦਿੱਲੀ, ਪੀਜੀਆਈ, ਹੋਮੀ ਭਾਭਾ, ਸਰਕਾਰੀ ਮੈਡੀਕਲ ਕਾਲਜਾਂ ਦੇ ਤਕਨੀਕੀ ਮਾਹਰਾਂ ਅਤੇ ਰਾਜ ਭਰ ਦੇ ਮਾਹਰਾਂ ਦੁਆਰਾ ਤਿਆਰ ਕੀਤੇ ਗਏ ਹਨ।
ਇਸ ਮੌਕੇ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ, ਵਿਸ਼ੇਸ਼ ਸਕੱਤਰ ਸਿਹਤ-ਕਮ-ਐਮਡੀ ਐਨਐਚਐਮ ਘਣਸ਼ਿਆਮ ਥੋਰੀ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਐਸਪੀਓ ਐਨਪੀ-ਐਨਸੀਡੀ ਡਾ. ਗਗਨਦੀਪ ਸਿੰਘ ਗਰੋਵਰ, ਪ੍ਰੋਗਰਾਮ ਅਫਸਰ ਡਾ. ਆਸ਼ੂ, ਡਾ. ਅਭਿਸ਼ੇਕ ਕੁੰਵਰ ਨੈਸ਼ਨਲ ਪ੍ਰੋਫੈਸ਼ਨਲ ਅਫਸਰ (ਐਨਸੀਡੀ) ਡਬਲਯੂਐਚਓ – ਭਾਰਤ, ਡਾ. ਅਸ਼ੀਸ਼ ਭੱਟ ਨੈਸ਼ਨਲ ਐਨਸੀਡੀ ਅਫਸਰ ਡਬਲਯੂਐਚਓ – ਭਾਰਤ, ਡਾ. ਅਭਿਸ਼ੇਕ ਖੰਨਾ ਨੈਸ਼ਨਲ ਪ੍ਰੋਫੈਸ਼ਨਲ ਅਫਸਰ (ਸਿਹਤ ਪ੍ਰਮੋਸ਼ਨ ਅਤੇ ਐਸਡੀਐਚ) ਡਬਲਯੂਐਚਓ – ਭਾਰਤ ਵੀ ਮੌਜੂਦ ਸਨ।