ਰਾਜਪੁਰਾ, 5 ਸਤੰਬਰ, ਦੇਸ਼ ਕਲਿਕ ਬਿਊਰੋ :
ਇੱਕ ਔਰਤ ਦੇ 15 ਪਤੀ… ਇਹ ਸੁਣ ਕੇ ਹਰ ਕੋਈ ਹੈਰਾਨ ਹੈ। ਦਰਅਸਲ ਔਰਤ ਨੇ 15 ਵਿਆਹ ਨਹੀਂ ਕੀਤੇ ਪਰ ਦਸਤਾਵੇਜ਼ਾਂ ਵਿੱਚ ਇੱਕ ਨਹੀਂ, ਦੋ ਨਹੀਂ ਸਗੋਂ 15 ਨੌਜਵਾਨਾਂ ਨੂੰ ਆਪਣਾ ਪਤੀ ਬਣਾਇਆ ਅਤੇ ਉਨ੍ਹਾਂ ਸਾਰਿਆਂ ਨੂੰ ਇੱਕ-ਇੱਕ ਕਰਕੇ ਪੰਜਾਬ ਤੋਂ ਇੰਗਲੈਂਡ ਭੇਜਿਆ ਗਿਆ। ਇਹ ਸਾਰਾ ਖੇਡ ਪਤੀ-ਪਤਨੀ ਨੇ ਖੇਡਿਆ ਹੈ ਜੋ ਇੱਕ ਇਮੀਗ੍ਰੇਸ਼ਨ ਕੰਪਨੀ ਚਲਾਉਂਦੇ ਹਨ। ਜਿਸ ਔਰਤ ਦੇ ਪਤੀ ਬਣਾ ਕੇ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਗਿਆ ਉਹ ਇੰਗਲੈਂਡ ਵਿੱਚ ਰਹਿੰਦੀ ਹੈ, ਜਦੋਂ ਕਿ ਔਰਤ ਦਾ ਅਸਲੀ ਪਤੀ ਰਾਜਪੁਰਾ ਵਿੱਚ ਰਹਿੰਦਾ ਹੈ।
ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਔਰਤ ਦਾ ਪਤੀ ਇੰਗਲੈਂਡ ਜਾਣ ਲਈ ਆਪਣੀ ਫਾਈਲ ਲੈ ਕੇ ਇਮੀਗ੍ਰੇਸ਼ਨ ਕੰਪਨੀ ਚਲਾ ਰਹੇ ਜੋੜੇ ਕੋਲ ਪਹੁੰਚਿਆ। ਇੰਨਾ ਹੀ ਨਹੀਂ, ਇੰਗਲੈਂਡ ਪੁਲਿਸ ਨੇ ਉਸ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦੇ ਨਾਮ ‘ਤੇ 15 ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਗਿਆ ਸੀ। ਇਮੀਗ੍ਰੇਸ਼ਨ ਕੰਪਨੀ ਨੇ ਪੀੜਤਾ ਦੇ ਦਸਤਾਵੇਜ਼ਾਂ ਦੀ ਦੁਰਵਰਤੋਂ ਕੀਤੀ ਅਤੇ 15 ਨੌਜਵਾਨਾਂ ਨੂੰ ਉਸ ਦੀ ਪਤਨੀ ਦੇ ਪਤੀ ਬਣਾ ਕੇ ਇੰਗਲੈਂਡ ਭੇਜ ਦਿੱਤਾ। ਨਤੀਜਾ ਇਹ ਹੋਇਆ ਕਿ ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਪੀੜਤ ਦੀ ਪਤਨੀ ਨੂੰ ਇੰਗਲੈਂਡ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਦੇ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਸੀ। ਪੀੜਤ ਨੇ ਮੁਲਜ਼ਮ ਜੋੜੇ ਵਿਰੁੱਧ ਰਾਜਪੁਰਾ ਪੁਲਿਸ ਕੋਲ ਕੇਸ ਦਰਜ ਕਰਵਾਇਆ।
ਰਾਜਪੁਰਾ ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਵਿੱਚ ਪਿੰਡ ਆਲਮਪੁਰ ਦੇ ਰਹਿਣ ਵਾਲੇ ਭਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਇੰਗਲੈਂਡ ਰਹਿੰਦੀ ਹੈ। ਭਿੰਦਰ ਸਿੰਘ ਨੂੰ ਆਪਣੇ ਪੁੱਤਰ ਨਾਲ ਇੰਗਲੈਂਡ ਜਾਣਾ ਸੀ। ਭਿੰਦਰ ਸਿੰਘ ਦੀ ਪਤਨੀ ਨੇ ਸਪਾਂਸਰਸ਼ਿਪ ਭੇਜੀ ਸੀ। ਭਿੰਦਰ ਸਿੰਘ ਨੇ ਇੰਗਲੈਂਡ ਜਾਣ ਲਈ ਮੁਲਾਜ਼ਮਾਂ ਕੋਲ ਫ਼ਾਈਲ ਲਾਈ ਸੀ। ਮੁਲਜ਼ਮਾਂ ਨੇ ਉਸ ਤੋਂ 5 ਲੱਖ 90 ਹਜ਼ਾਰ ਰੁਪਏ ਲਏ ਪਰ ਕੁਝ ਸਮੇਂ ਬਾਅਦ ਉਸਨੂੰ ਇੰਗਲੈਂਡ ਦਾ ਵੀਜ਼ਾ ਦਿਵਾਉਣ ਤੋਂ ਇਨਕਾਰ ਕਰ ਦਿੱਤਾ। ਭਿੰਦਰ ਸਿੰਘ ਨੂੰ ਉਦੋਂ ਹੈਰਾਨੀ ਹੋਈ ਜਦੋਂ ਉਸਨੂੰ ਪਤਾ ਲੱਗਾ ਕਿ ਮੁਲਜ਼ਮ ਨੇ ਉਸਦੇ ਦਸਤਾਵੇਜ਼ਾਂ ਦੀ ਦੁਰਵਰਤੋਂ ਕੀਤੀ ਅਤੇ 15 ਮੁੰਡਿਆਂ ਨੂੰ ਉਸ ਦੀ ਪਤਨੀ ਦਾ ਪਤੀ ਬਣਾ ਕੇ ਵਿਦੇਸ਼ ਭੇਜ ਦਿੱਤਾ। ਮੁਲਜ਼ਮ ਦੀ ਗਲਤੀ ਕਾਰਨ ਭਿੰਦਰ ਸਿੰਘ ਦੀ ਪਤਨੀ ਨੂੰ ਇੰਗਲੈਂਡ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਇਮੀਗ੍ਰੇਸ਼ਨ ਕੰਪਨੀ ਦੇ ਸੰਚਾਲਕ ਪ੍ਰਸ਼ਾਂਤ ਅਤੇ ਉਸਦੀ ਪਤਨੀ ਰੂਬੀ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਵਿਰੁੱਧ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
