ਨਵੀਂ ਦਿੱਲੀ, 21 ਸਤੰਬਰ ( ਦੇਸ਼ ਕਲਿੱਕ ਬਿਓਰੋ)
ਅਮਰੀਕਾ ਵੱਲੋਂ H-1ਬੀ ਵੀਜਾ ‘ਤੇ ਇੱਕ ਲੱਖ ਡਾਲਰ ਫ਼ੀਸ ਲੈਣ ਦੇ ਐਲਾਨ ਨੇ ਦੁਨੀਆਂ ਖਾਸ ਕਰਕੇ ਭਾਰਤ ਵਿੱਚ ਹੜਕੰਪ ਮਚਾਉਣ ਤੋਂ ਬਾਅਦ ਵ੍ਹਾਈਟ ਹਾਊਸ ਨੇ ਸ਼ਨੀਵਾਰ ਨੂੰ ਆਪਣੀ ਨਵੀਂ H-1B ਵੀਜ਼ਾ ਨੀਤੀ ਬਾਰੇ ਇੱਕ ਵੱਡਾ ਸਪੱਸ਼ਟੀਕਰਨ ਜਾਰੀ ਕੀਤਾ ਹੈ, ਜਿਸਨੇ ਤਕਨੀਕੀ ਉਦਯੋਗ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਪਸ਼ਟੀਕਰਨ ਅਨੁਸਾਰ ਕਿਹਾ ਗਿਆ ਹੈ ਕਿ $100,000 ਦੀ ਫੀਸ “ਇੱਕ ਵਾਰ” ਭੁਗਤਾਨ ਹੋਵੇਗੀ ਜੋ ਸਿਰਫ ਨਵੇਂ ਬਿਨੈਕਾਰਾਂ ‘ਤੇ ਲਗਾਈ ਜਾਵੇਗੀ।
ਅਮਰੀਕੀ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਸ਼ੁੱਕਰਵਾਰ ਨੂੰ ਵੱਡੇ ਫੀਸ ਵਾਧੇ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਇਹ ਸਾਲਾਨਾ ਅਦਾ ਕੀਤਾ ਜਾਵੇਗਾ, ਅਤੇ ਨਵੇਂ ਵੀਜ਼ਾ ਦੇ ਨਾਲ-ਨਾਲ ਨਵੀਨੀਕਰਨ ਦੀ ਮੰਗ ਕਰਨ ਵਾਲੇ ਲੋਕਾਂ ‘ਤੇ ਵੀ ਲਾਗੂ ਹੋਵੇਗਾ।
ਪਰ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਨੇ ਨਵੀਂ ਨੀਤੀ ਦੇ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਸ਼ਨੀਵਾਰ ਨੂੰ ਇੱਕ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ,”ਇਹ ਕੋਈ ਸਾਲਾਨਾ ਫੀਸ ਨਹੀਂ ਹੈ। ਇਹ ਇੱਕ ਵਾਰ ਦੀ ਫੀਸ ਹੈ ਜੋ… ਸਿਰਫ਼ ਨਵੇਂ ਵੀਜ਼ਿਆਂ ‘ਤੇ ਲਾਗੂ ਹੁੰਦੀ ਹੈ, ਨਵੀਨੀਕਰਨ ‘ਤੇ ਨਹੀਂ, ਅਤੇ ਮੌਜੂਦਾ ਵੀਜ਼ਾ ਧਾਰਕਾਂ ‘ਤੇ ਨਹੀਂ,” ਇਹ ਐਲਾਨ ਉਸਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕੀਤਾ ਹੈ। ਉਸ ਅਨੁਸਾਰ
1.) ਇਹ ਕੋਈ ਸਾਲਾਨਾ ਫੀਸ ਨਹੀਂ ਹੈ। ਇਹ ਇੱਕ ਵਾਰ ਦੀ ਫੀਸ ਹੈ ਜੋ ਸਿਰਫ਼ ਪਟੀਸ਼ਨ ‘ਤੇ ਲਾਗੂ ਹੁੰਦੀ ਹੈ।
2.) ਜਿਨ੍ਹਾਂ ਕੋਲ ਪਹਿਲਾਂ ਹੀ H-1B ਵੀਜ਼ਾ ਹੈ ਅਤੇ ਇਸ ਵੇਲੇ ਦੇਸ਼ ਤੋਂ ਬਾਹਰ ਹਨ, ਉਨ੍ਹਾਂ ਤੋਂ ਦੁਬਾਰਾ ਦਾਖਲ ਹੋਣ ਲਈ $100,000 ਨਹੀਂ ਲਏ ਜਾਣਗੇ।
H-1B ਵੀਜ਼ਾ ਧਾਰਕ ਦੇਸ਼ ਛੱਡ ਸਕਦੇ ਹਨ ਅਤੇ ਦੁਬਾਰਾ ਦਾਖਲ ਹੋ ਸਕਦੇ ਹਨ ਜਿਵੇਂ ਕਿ ਉਹ ਆਮ ਤੌਰ ‘ਤੇ ਕਰਦੇ ਹਨ; ਉਨ੍ਹਾਂ ਕੋਲ ਜੋ ਵੀ ਯੋਗਤਾ ਹੈ, ਉਹ ਕੱਲ੍ਹ ਦੇ ਐਲਾਨ ਤੋਂ ਪ੍ਰਭਾਵਿਤ ਨਹੀਂ ਹੁੰਦੀ।
3.) ਇਹ ਸਿਰਫ਼ ਨਵੇਂ ਵੀਜ਼ਿਆਂ ‘ਤੇ ਲਾਗੂ ਹੁੰਦਾ ਹੈ, ਨਵੀਨੀਕਰਨ ‘ਤੇ ਨਹੀਂ, ਅਤੇ ਮੌਜੂਦਾ ਵੀਜ਼ਾ ਧਾਰਕਾਂ ‘ਤੇ ਨਹੀਂ।
ਉਹਨਾਂ ਅੱਗੇ ਕਿਹਾ ਕਿ ਇਹ ਪਹਿਲੀ ਵਾਰ ਅਗਲੇ ਆਉਣ ਵਾਲੇ ਲਾਟਰੀ ਚੱਕਰ(lottery circle) ਵਿੱਚ ਲਾਗੂ ਹੋਵੇਗਾ।