ਵੇਰਕਾ ਅਤੇ ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਘਟਾਏ ਜਾਣ ਤੋਂ ਬਾਅਦ ਹੁਣ ਅਮੂਲ ਵੱਲੋਂ ਵੀ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਹੈ।
ਨਵੀਂ ਦਿੱਲੀ, 21 ਸਤੰਬਰ, ਦੇਸ਼ ਕਲਿੱਕ ਬਿਓਰੋ :
ਵੇਰਕਾ ਅਤੇ ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਘਟਾਏ ਜਾਣ ਤੋਂ ਬਾਅਦ ਹੁਣ ਅਮੂਲ ਵੱਲੋਂ ਵੀ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਹੈ। ਅਮੂਲ ਵੱਲੋਂ 700 ਉਤਪਾਦਾਂ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ ਹੈ। ਇਹ ਘੱਟ ਕੀਤੀਆਂ ਗਈਆਂ ਕੀਮਤਾਂ 22 ਸਤੰਬਰ 2025 ਸੋਮਵਾਰ ਤੋਂ ਲਾਗੂ ਹੋ ਜਾਣਗੀਆਂ। ਅਮੂਲ ਵੱਲੋਂ ਇੱਕ ਲੀਟਰ ਅਮੂਲ ਘਿਓ ਦੀ ਕੀਮਤ 40 ਰੁਪਏ ਘਟਾ ਕੇ 610 ਰੁਪਏ ਕਰ ਦਿੱਤੀ ਗਈ ਹੈ, ਮੱਖਣ ਦਾ 100 ਗ੍ਰਾਮ ਪੈਕ ਹੁਣ 62 ਰੁਪਏ ਦੀ ਬਜਾਏ 58 ਰੁਪਏ ਵਿੱਚ ਮਿਲੇਗਾ, ਇੱਕ ਕਿਲੋਗ੍ਰਾਮ ਪਨੀਰ ਦੀ ਕੀਮਤ 30 ਰੁਪਏ ਘਟਾ ਕੇ 545 ਰੁਪਏ ਕਰ ਦਿੱਤੀ ਗਈ ਹੈ, ਫ੍ਰੋਜ਼ਨ ਪਨੀਰ ਦਾ 200 ਗ੍ਰਾਮ ਪੈਕ 99 ਰੁਪਏ ਤੋਂ ਘਟਾ ਕੇ 95 ਰੁਪਏ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਯੂਐਚਟੀ ਦੁੱਧ, ਚਾਕਲੇਟ, ਬੇਕਰੀ ਉਤਪਾਦਾਂ, ਫ੍ਰੋਜ਼ਨ ਸਨੈਕਸ, ਕੰਡੈਂਸਡ ਦੁੱਧ, ਮੂੰਗਫਲੀ ਦੇ ਸਪ੍ਰੈਡ ਅਤੇ ਮਾਲਟ ਡਰਿੰਕਸ ‘ਤੇ ਵੀ ਕੀਮਤਾਂ ਘਟਾ ਦਿੱਤੀਆਂ ਗਈਆਂ ਹਨ।