ਪੰਜਾਬ ਸਰਕਾਰ ਨੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਨੂੰ ਸਨਮਾਨਿਤ ਕਰਨ ਲਈ ਲਿਆਂਦੀ ਨਵੇਕਲੀ ਨੀਤੀ

ਪੰਜਾਬ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਸਾਲ ਡਾਕਟਰਾਂ ਦਾ ਮਨੋਬਲ ਵਧਾਉਣ ਲਈ ਸ਼ਾਨਦਾਰ ਸੇਵਾ ਨਿਭਾਉਣ ਵਾਲੇ 60 ਡਾਕਟਰਾਂ ਨੂੰ ਕਰਨਗੇ ਸਨਮਾਨਿਤ

ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਮਿਲੇਗਾ ਸਨਮਾਨ ਸਰਟੀਫਿਕੇਟ ਅਤੇ ਰਾਜ ਸਿਹਤ ਸਨਮਾਨ ਬੋਰਡ ਉੱਤੇ ਸਥਾਈ ਤੌਰ `ਤੇ ਲਿਖਿਆ ਜਾਵੇਗਾ ਐਵਾਰਡੀ ਦਾ ਨਾਮ : ਸਿਹਤ ਮੰਤਰੀ ਡਾ. ਬਲਬੀਰ ਸਿੰਘ

ਪੰਜਾਬ ਦੇ ਕੁੱਲ ਮੈਡੀਕਲ ਅਧਿਕਾਰੀਆਂ ਅਤੇ ਮਾਹਿਰਾਂ ਵਿੱਚੋਂ 25 ਫੀਸਦੀ ਡਾਕਟਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਭਰਤੀ

ਚੰਡੀਗੜ੍ਹ, 24 ਸਤੰਬਰ, ਦੇਸ਼ ਕਲਿੱਕ ਬਿਓਰੋ :

ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਡਾਕਟਰੀ ਪੇਸ਼ੇਵਰਾਂ ਦੀਆਂ ਅਣਥੱਕ ਸੇਵਾਵਾਂ ਨੂੰ ਮਾਨਤਾ ਦੇਣ ਲਈ ਇੱਕ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਡਾਕਟਰਾਂ ਦਾ ਸਨਮਾਨ ਕਰਨ ਲਈ ਆਪਣੀ ਕਿਸਮ ਦੀ ਪਹਿਲੀ ਨੀਤੀ ਪੇਸ਼ ਕੀਤੀ ਹੈ। ਇਹ ਐਲਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਕੀਤਾ।

ਸੰਸਥਾਗਤ, ਪਾਰਦਰਸ਼ੀ ਅਤੇ ਯੋਗਤਾ-ਅਧਾਰਤ ਪ੍ਰਣਾਲੀ ਵਰਗੀਆਂ ਵਿਸ਼ੇਸ਼ਤਾਵਾਂ ਵਾਲੀ ਇਹ ਨੀਤੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੁਆਰਾ ਲਾਗੂ ਕੀਤੀ ਜਾਵੇਗੀ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿੱਜੀ ਤੌਰ `ਤੇ ਸੂਬਾ ਪੱਧਰੀ ਸਮਾਗਮ ਵਿੱਚ ਪੁਰਸਕਾਰ ਪ੍ਰਦਾਨ ਕਰਨਗੇ। ਇਹ ਉਪਰਾਲਾ ਪੰਜਾਬ ਦੀਆਂ ਸਿਹਤ ਸੇਵਾਵਾਂ ਦੀ ਰੀੜ੍ਹ ਮੰਨੇ ਜਾਂਦੇ ਡਾਕਟਰਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਸੂਬੇ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਪ੍ਰੈਸ ਕਾਨਫਰੰਸ ਦੌਰਾਨ ਇਸ ਪਹਿਲਕਦਮੀ ਬਾਰੇ ਦੱਸਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਸਾਲ 60 ਡਾਕਟਰਾਂ ਨੂੰ ਇਸ ਨਵੀਂ ਨੀਤੀ ਤਹਿਤ ਸਨਮਾਨਿਤ ਕਰੇਗੀ ਤਾਂ ਜੋ ਡਾਕਟਰੀ ਪੇਸ਼ੇਵਰਾਂ ਦੇ ਮਨੋਬਲ ਅਤੇ ਉਨ੍ਹਾਂ ਦੀ ਮਾਨਵਤਾਵਾਦੀ ਸੇਵਾ ਪ੍ਰਤੀ ਵਚਨਬੱਧਤਾ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਚਾਰ ਸ਼੍ਰੇਣੀਆਂ ਤਹਿਤ ਦਿੱਤੇ ਜਾਣਗੇ,ਜਿਨ੍ਹਾਂ ਵਿੱਚ ਰਾਜ ਪੱਧਰੀ ਸਰਵੋਤਮ ਡਾਕਟਰ ਪੁਰਸਕਾਰ, ਜਿ਼ਲ੍ਹਾ ਪੱਧਰੀ ਐਕਸੀਲੈਂਸ ਐਵਾਰਡ, ਨਵੀਨਤਾ ਜਾਂ ਜਨਤਕ ਸਿਹਤ ਲੀਡਰਸਿ਼ਪ ਲਈ ਵਿਸ਼ੇਸ਼ ਮਾਨਤਾ ਅਤੇ ਨਿੱਜੀ ਖੇਤਰ ਵਿੱਚ ਜਨਤਕ ਸੇਵਾ ਲਈ ਵਿਸ਼ੇਸ਼ ਮਾਨਤਾ ਸ਼ਾਮਲ ਹੈ। ਹਰੇਕ ਐਵਾਰਡੀ ਨੂੰ ਮੁੱਖ ਮੰਤਰੀ ਜਾਂ ਸਿਹਤ ਮੰਤਰੀ, ਪੰਜਾਬ ਵੱਲੋਂ ਸਨਮਾਨ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਐਵਾਰਡੀ ਦਾ ਨਾਂ ਰਾਜ ਸਿਹਤ ਸਨਮਾਨ ਬੋਰਡ ਤੇ ਸਥਾਈ ਤੌਰਤੇ ਲਿਖਿਆ ਜਾਵੇਗਾ ,ਜਿਸ ਨੂੰ ਡਿਜੀਟਲ ਰੂਪ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਪ੍ਰਮੁੱਖਤਾ ਨਾਲ ਪ੍ਰਦਰਸਿ਼ਤ ਕੀਤਾ ਜਾਵੇਗਾ।

ਡਾ. ਬਲਬੀਰ ਸਿੰਘ ਨੇ ਕਿਹਾ, “ਡਾਕਟਰ ਜਨਤਕ ਸਿਹਤ ਦੇ ਰਾਖੇ ਹਨ , ਜੋ ਕੋਵਿਡ-19 ਤੋਂ ਲੈ ਕੇ ਹੜ੍ਹਾਂ ਤੱਕ ਸੰਕਟ ਦੀ ਹਰ ਘੜੀ ਦੌਰਾਨ ਪੰਜਾਬ ਦੇ ਲੋਕਾਂ ਲਈ ਡੱਟ ਕੇ ਖੜ੍ਹੇ ਹਨ। ਇਹ ਨੀਤੀ ਸਾਡੀ ਸਰਕਾਰ ਵੱਲੋਂ ਡਾਕਟਰੀ ਪੇਸ਼ੇਵਰਾਂ ਦੀ ਸੇਵਾ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਨੂੰ ਇਸੇ ਤਰ੍ਹਾਂ ਸਮਰਪਣ ਅਤੇ ਹਲੀਮੀ ਨਾਲ ਅਗਵਾਈ ਕਰਦੇ ਰਹਿਣ ਲਈ ਉਤਸ਼ਾਹਿਤ ਕਰਨ ਦੇ ਸੰਕਲਪ ਨੂੰ ਦਰਸਾਉਂਦੀ ਹੈ।”

ਅੱਜ ਲਗਭਗ 6,000 ਡਾਕਟਰ ਆਮ ਆਦਮੀ ਕਲੀਨਿਕਾਂ, ਪੇਂਡੂ ਅਤੇ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰਾਂ, ਕਮਿਊਨਿਟੀ ਸਿਹਤ ਕੇਂਦਰਾਂ, ਸਬ-ਡਿਵੀਜ਼ਨਲ ਅਤੇ ਜਿ਼ਲ੍ਹਾ ਹਸਪਤਾਲਾਂ, ਸਰਕਾਰੀ ਮੈਡੀਕਲ ਕਾਲਜਾਂ ਅਤੇ ਆਊਟਰੀਚ ਪ੍ਰੋਗਰਾਮਾਂ ਵਿੱਚ ਸੇਵਾ ਨਿਭਾ ਰਹੇ ਹਨ। ਸਿਹਤ ਸੰਭਾਲ ਨਾਲ ਜੁੜੇ ਇਹ ਸਾਰੇ ਪੇਸ਼ੇਵਰ ਪੰਜਾਬ ਵਿੱਚ ਦੂਰ-ਦੁਰਾਡੇ ਵਸਦੀ ਆਬਾਦੀ ਸਮੇਤ ਸੂਬੇ ਦੇ ਹਰ ਕੋਨੇ ਤੱਕ ਮਿਆਰੀ ਸਿਹਤ ਸਹੂਲਤਾਂ ਦੀ ਪਹੰੁਚ ਨੂੰ ਯਕੀਨੀ ਬਣਾਉਂਦੇ ਹਨ।

ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2022 ਤੋਂ ਹੁਣ ਤੱਕ ਕੁੱਲ 934 ਡਾਕਟਰਾਂ ਦੀ ਭਰਤੀ ਕੀਤੀ ਹੈ – ਜੋ ਕਿ ਸੂਬੇ ਦੇ ਪੇਂਡੂ ਅਤੇ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰਾਂ, ਕਮਿਊਨਿਟੀ ਸਿਹਤ ਕੇਂਦਰਾਂ, ਸਬ ਡਿਵੀਜ਼ਨਲ ਅਤੇ ਜਿ਼ਲ੍ਹਾ ਹਸਪਤਾਲਾਂ ਵਿੱਚ ਤਾਇਨਾਤ 3,831 ਮੈਡੀਕਲ ਅਫਸਰਾਂ ਅਤੇ ਮਾਹਿਰਾਂ ਦੀ ਮੌਜੂਦਾ ਤਾਕਤ ਦਾ ਲਗਭਗ 25ਫੀਸਦ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਡਾਕਟਰੀ ਸੇਵਾਵਾਂ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ ਹੈ ਅਤੇ ਅਗਲੇ ਇੱਕ ਤੋਂ ਦੋ ਮਹੀਨਿਆਂ ਵਿੱਚ ਹੋਰ ਡਾਕਟਰਾਂ ਦੇ ਸੂਬੇ ਦੀ ਸਿਹਤ ਫੋਰਸ ਵਿੱਚ ਸ਼ਾਮਲ ਹੋਣ ਦੀ ਆਸ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਡਾਕਟਰ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਜਿਸ ਵਿੱਚ ਓਪੀਡੀਜ਼, ਆਈਪੀਡੀਜ਼, ਸਰਜਰੀਆਂ ਅਤੇ ਐਮਰਜੈਂਸੀ ਪ੍ਰਬੰਧਨ ਤੋਂ ਲੈ ਕੇ ਟੀਕਾਕਰਨ, ਮਾਂ ਤੇ ਬੱਚੇ ਦੀ ਸਿਹਤ ਅਤੇ ਬਿਮਾਰੀ ਨਿਯੰਤਰਣ ਵਰਗੇ ਰੋਕਥਾਮ ਪ੍ਰੋਗਰਾਮ ਸ਼ਾਮਲ ਹਨ। ਇਸ ਤੋਂ ਇਲਾਵਾ ਡਾਕਟਰ ਮੈਡੀਕਲ ਖੋਜ, ਸਿਖਲਾਈ ਅਤੇ ਨਵੀਨਤਾਵਾਂ ਵਿੱਚ ਵੀ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ ਜੋ ਸੂਬੇ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ।

ਡਾ. ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਇਸੇ ਤਰਜ਼ ਤੇ ਸਿਹਤ ਵਿਭਾਗ ਵਿੱਚ ਮੋਹਰੀ ਕਤਾਰਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ, ਨਰਸਾਂ ਅਤੇ ਹੋਰ ਸਟਾਫ਼ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

ਇਹ ਪਹਿਲਕਦਮੀ ਪੰਜਾਬ ਸਰਕਾਰ ਦੀ ਡਾਕਟਰਾਂ ਦੇ ਅਣਥੱਕ ਯੋਗਦਾਨ ਨੂੰ ਸਨਮਾਨਿਤ ਕਰਨ, ਉਨ੍ਹਾਂ ਨੂੰ ਬਿਹਤਰੀਨ ਸੇਵਾਵਾਂ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਲਈ ਪ੍ਰੇਰਿਤ ਕਰਨ ਅਤੇ ਪੰਜਾਬ ਦੇ ਲੋਕਾਂ ਲਈ ਇੱਕ ਮਜ਼ਬੂਤ ਅਤੇ ਜਵਾਬਦੇਹ ਸਿਹਤ ਸੰਭਾਲ ਪ੍ਰਣਾਲੀ ਸਥਾਪਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।