ਮਹਿਲਾ ਅਧਿਆਪਕ ਨੂੰ ਪ੍ਰੇਸ਼ਾਨ ਕਰਨ ਦੇ ਮਾਮਲੇ ’ਚ ਬੁਲਾਇਆ ਸੀ ਦਫ਼ਤਰ
ਸਕੂਲ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਪ੍ਰਿੰਸੀਪਲ ਨੂੰ ਸਿੱਖਿਆ ਅਧਿਕਾਰੀ ਵੱਲੋਂ ਦਫ਼ਤਰ ਬੁਲਾ ਕੇ ਕੀਤੀ ਗਈ ਪੁੱਛਗਿੱਛ ਦੌਰਾਨ ਸਕੂਲ ਪ੍ਰਿੰਸੀਪਲ ਨੇ ਸਿੱਖਿਆ ਅਧਿਕਾਰੀ ਨੂੰ ਬੈਲਟਾਂ ਨਾਲ ਕੁੱਟ ਦਿੱਤਾ।
ਸੀਤਾਪੁਰ, 24 ਸਤੰਬਰ, ਦੇਸ਼ ਕਲਿੱਕ ਬਿਓਰੋ :
ਸਕੂਲ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਪ੍ਰਿੰਸੀਪਲ ਨੂੰ ਸਿੱਖਿਆ ਅਧਿਕਾਰੀ ਵੱਲੋਂ ਦਫ਼ਤਰ ਬੁਲਾ ਕੇ ਕੀਤੀ ਗਈ ਪੁੱਛਗਿੱਛ ਦੌਰਾਨ ਸਕੂਲ ਪ੍ਰਿੰਸੀਪਲ ਨੇ ਸਿੱਖਿਆ ਅਧਿਕਾਰੀ ਨੂੰ ਬੈਲਟਾਂ ਨਾਲ ਕੁੱਟ ਦਿੱਤਾ। ਇਹ ਮਾਮਲਾ ਉਤਰ ਪ੍ਰਦੇਸ਼ ਦੇ ਸੀਤਾਪੁਰ ਦਾ ਹੈ। ਪ੍ਰਿੰਸੀਪਲ ਨੇ ਬੇਸਿਕ ਸਿੱਖਿਆ ਅਧਿਕਾਰੀ (BEO) ਦੇ ਦਫ਼ਤਰ ਵਿੱਚ ਕੁੱਟਮਾਰ ਕੀਤੀ ਹੈ। ਇਸ ਤੋਂ ਬਾਅਦ ਪ੍ਰਿੰਸੀਪਲ ਨੂੰ ਪੁਲਿਸ ਹਵਾਲੇ ਕਰ ਦਿੱਤਾ ਅਤੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ।
ਬੀਈਓ ਅਖਿਲੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਆਪਣੇ ਹੀ ਸਕੂਲ ਦੀ ਅਧਿਆਪਕਾ ਨੂੰ ਪ੍ਰੇਸ਼ਾਨ ਕਰ ਰਹੇ ਸਨ, ਇਸ ਸਬੰਧੀ ਸ਼ਿਕਾਇਤ ਮਿਲੀ ਸੀ। ਜਦੋਂ ਇਸ ਮਾਮਲੇ ਨੂੰ ਲੈ ਕੇ ਪ੍ਰਿੰਸੀਪਲ ਨੂੰ ਬੀਈਓ ਦਫ਼ਤਰ ਬੁਲਾਇਆ ਗਿਆ ਤਾਂ ਪ੍ਰਿੰਸੀਪਲ ਅਤੇ ਅਧਿਆਪਕਾ ਨੂੰ ਆਹਮਣੇ ਸਾਹਮਣੇ ਮਾਮਲੇ ਦੀ ਸੁਣਵਾਈ ਕੀਤੀ ਗਈ, ਜਿਸ ਮੌਕੇ ਮੌਜੂਦ ਲੋਕਾਂ ਨੇ ਮੰਨਿਆ ਕਿ ਇਸ ਮਾਮਲੇ ਵਿੱਚ ਪ੍ਰਿੰਸੀਪਲ ਦੋਸ਼ੀ ਹਨ।
ਇਸ ਤੋਂ ਬਾਅਦ ਪ੍ਰਿੰਸੀਪਲ ਭੜਕ ਗਿਆ ਅਤੇ ਉਸਨੇ ਬੈਲਟ ਕੱਢਕੇ ਬੀਈਓ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਅਚਾਨਕ ਹੋਏ ਇਸ ਮਾਮਲੇ ਤੋਂ ਖੜ੍ਹੇ ਸਭ ਲੋਕ ਹੈਰਾਨ ਸਨ। ਪ੍ਰਿੰਸੀਪਲ ਨੂੰ ਮੌਕੇ ਉਤੇ ਖੜ੍ਹੇ ਲੋਕਾਂ ਨੇ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਅਤੇ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ।
ਦੂਜੇ ਪਾਸੇ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਦੀ ਇਕ ਮਹਿਲਾ ਅਧਿਆਪਕ ਨੂੰ ਲੈ ਕੇ ਵਿਵਾਦ ਸੀ, ਇਸ ਮਾਮਲੇ ਵਿੱਚ ਬੀਈਓ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ। ਸਪੱਸ਼ਟੀਕਰਨ ਦੇਣ ਦੌਰਾਨ ਦੋਵਾਂ ਵਿੱਚ ਵਿਵਾਦ ਹੋ ਗਿਆ ਅਤੇ ਕੁੱਟਮਾਰ ਹੋ ਗਈ।