ਪੰਜਾਬ ਦੇ ਸਾਰੇ 154 ਬਲਾਕਾਂ ਵਿੱਚ ਹਰ ਮਹੀਨੇ ਦੇ ਦੂਜੇ ਸੋਮਵਾਰ ਨੂੰ ਹੋਣਗੇ ਮੁਕਾਬਲੇ: ਗੁਰਮੀਤ ਸਿੰਘ ਖੁੱਡੀਆਂ
ਇਸ ਕਦਮ ਦਾ ਉਦੇਸ਼ ਪਸ਼ੂ ਪਾਲਣ ਦੇ ਵਧੀਆ ਅਭਿਆਸਾਂ ਦੀ ਪਛਾਣ ਕਰਕੇ ਪਸ਼ੂ-ਪਾਲਕਾਂ ਨੂੰ ਸਨਮਾਨ ਦੇਣਾ ਅਤੇ ਪਾਸਾਰ ਕਰਨਾ: ਪਸ਼ੂ ਪਾਲਣ ਮੰਤਰੀ
ਚੰਡੀਗੜ੍ਹ, 5 ਅਕਤੂਬਰ: ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਐਲਾਨ ਕੀਤਾ ਕਿ ਡੇਅਰੀ ਸੈਕਟਰ ਵਿੱਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਅਤੇ ਪਸ਼ੂ ਪਾਲਣ ਉਤਪਾਦਕਤਾ ਨੂੰ ਵਧਾਉਣ ਲਈ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਸੂਬੇ ਭਰ ਵਿੱਚ “ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ- 2025-26” ਕਰਵਾਏ ਜਾਣਗੇ।
ਸ. ਗੁਰਮੀਤ ਸਿੰਘ ਖੁੱਡੀਆਂ ਨੇ 6 ਅਕਤੂਬਰ, 2025 ਤੋਂ ਸ਼ੁਰੂ ਹੋਣ ਵਾਲੇ ਸਾਲ ਭਰ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਬਾਰੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਹ ਮੁਕਾਬਲੇ ਹਰ ਮਹੀਨੇ ਦੇ ਦੂਜੇ ਸੋਮਵਾਰ ਨੂੰ ਸੂਬੇ ਦੇ ਸਾਰੇ 154 ਬਲਾਕਾਂ ਵਿੱਚ ਕਰਵਾਏ ਜਾਣਗੇ, ਜਿਸ ਨਾਲ ਡੇਅਰੀ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਆਪਣੇ ਸਰਬੋਤਮ ਪਸ਼ੂਧਨ ਦਾ ਪ੍ਰਦਸ਼ਨ ਕਰਨ ਅਤੇ ਪਸ਼ੂ ਪਾਲਣ ਸਬੰਧੀ ਬਿਹਤਰ ਅਭਿਆਸਾਂ ਨੂੰ ਅਪਣਾਉਣ ਲਈ ਇੱਕ ਮੰਚ ਮਿਲੇਗਾ।
ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਸ਼੍ਰੇਣੀਆਂ ਅਤੇ ਘੱਟੋ-ਘੱਟ ਦੁੱਧ ਦੇਣ ਦੇ ਮਾਪਦੰਡਾਂ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਮੁਰ੍ਹਾ ਅਤੇ ਮੁਰ੍ਹਾ ਗ੍ਰੇਡਿਡ ਨਸਲ ਦੀਆਂ ਮੱਝਾਂ 16 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਦੁੱਧ ਦੇਣ ਵਾਲੀਆਂ ਹੋਣ, ਨੀਲੀ ਰਾਵੀ ਅਤੇ ਨੀਲੀ ਰਾਵੀ ਗ੍ਰੇਡਿਡ ਨਸਲ ਦੀਆਂ ਮੱਝਾਂ 14 ਕਿਲੋਗ੍ਰਾਮ ਜਾਂ ਇਸ ਤੋਂ ਵੱਧ, ਸਾਹੀਵਾਲ ਅਤੇ ਹੋਰ ਦੇਸੀ ਨਸਲ ਦੀਆਂ ਗਾਵਾਂ 12 ਕਿਲੋਗ੍ਰਾਮ ਜਾਂ ਇਸ ਤੋਂ ਵੱਧ, ਐਚ.ਐਫ. ਅਤੇ ਐਚ.ਐਫ. ਕਰਾਸ ਗਾਵਾਂ 30 ਕਿਲੋਗ੍ਰਾਮ ਜਾਂ ਇਸ ਤੋਂ ਵੱਧ, ਜਰਸੀ ਅਤੇ ਜਰਸੀ ਕਰਾਸ ਗਾਵਾਂ 16 ਕਿਲੋਗ੍ਰਾਮ ਜਾਂ ਇਸ ਤੋਂ ਵੱਧ, ਜਦੋਂ ਕਿ ਕਿਸੇ ਵੀ ਨਸਲ ਦੀਆਂ ਬੱਕਰੀਆਂ 2.5 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਦੁੱਧ ਦੇਣ ਵਾਲੀਆਂ ਹੋਣ।
ਪਸ਼ੂ ਪਾਲਕਾਂ ਨੂੰ ਮੁਕਾਬਲੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੇ ਕਿਸਾਨ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ਅਤੇ ਸਾਡੇ ਡੇਅਰੀ ਸੈਕਟਰ ਵਿੱਚ ਪੇਂਡੂ ਆਰਥਿਕਤਾ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਦੀ ਅਥਾਹ ਸੰਭਾਵਨਾ ਹੈ। ਇਹ ਮੁਕਾਬਲਾ ਸਿਰਫ਼ ਇਨਾਮ ਜਿੱਤਣ ਤੱਕ ਸੀਮਤ ਨਹੀਂ ਹੈ, ਸਗੋਂ ਇਹ ਪਸ਼ੂ ਪ੍ਰਬੰਧਨ ਵਿੱਚ ਸਭ ਤੋਂ ਵਧੀਆ ਅਭਿਆਸਾਂ ਦੀ ਪਛਾਣ ਕਰਕੇ ਉਹਨਾਂ ਨੂੰ ਸਨਮਾਨਿਤ ਕਰਨ ਅਤੇ ਪ੍ਰਚਾਰ ਕਰਨ ਦਾ ਇੱਕ ਰਣਨੀਤਕ ਮਿਸ਼ਨ ਹੈ। ਉਹਨਾਂ ਕਿਹਾ ਕਿ ਸਾਡੇ ਕਿਸਾਨਾਂ ਨੂੰ ਉੱਚ-ਉਤਪਾਦਨ ਦੇਣ ਵਾਲੀਆਂ ਨਸਲਾਂ ਪਾਲਣ ਲਈ ਉਤਸ਼ਾਹਿਤ ਕਰਕੇ ਅਸੀਂ ਸਿੱਧੇ ਤੌਰ ‘ਤੇ ਪੰਜਾਬ ਵਿੱਚ ਵਧ ਆਮਦਨ, ਬਿਹਤਰ ਜੈਨੇਟਿਕਸ ਅਤੇ ਇੱਕ ਵਧੇਰੇ ਮਜ਼ਬੂਤ, ਟਿਕਾਊ ਡੇਅਰੀ ਈਕੋਸਿਸਟਮ ਵਿੱਚ ਯੋਗਦਾਨ ਪਾ ਰਹੇ ਹਾਂ।
ਇਹ ਪਹਿਲ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਿਸਾਨਾਂ ਨੂੰ ਸਸ਼ਕਤ ਬਣਾਉਣ, ਸਹਾਇਕ ਖੇਤੀਬਾੜੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਟਿਕਾਊ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਦੇ ਵਿਆਪਕ ਦ੍ਰਿਸ਼ਟੀਕੋਣ ਦੀ ਤਰਜ਼ ‘ਤੇ ਹੈ। ਸ. ਖੁੱਡੀਆਂ ਨੇ ਕਿਹਾ ਕਿ ਇਸ ਨਾਲ ਸਿਹਤਮੰਦ ਮੁਕਾਬਲੇ ਦੀ ਭਾਵਨਾ ਉਤਸ਼ਾਹਿਤ ਹੋਣ ਦੀ ਉਮੀਦ ਹੈ, ਜਿਸ ਨਾਲ ਸੂਬੇ ਦੇ ਪਸ਼ੂਧਨ ਵਿੱਚ ਮਹੱਤਵਪੂਰਨ ਗੁਣਾਤਮਕ ਸੁਧਾਰ ਹੋਵੇਗਾ।
ਪ੍ਰਮੁੱਖ ਸਕੱਤਰ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਸ੍ਰੀ ਰਾਹੁਲ ਭੰਡਾਰੀ ਨੇ ਕਿਹਾ ਕਿ ਚਾਹਵਾਨ ਪਸ਼ੂ ਪਾਲਕ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਪਸ਼ੂ ਹਸਪਤਾਲਾਂ ਤੋਂ ਲੋੜੀਂਦੇ ਫਾਰਮ ਪ੍ਰਾਪਤ ਕਰ ਸਕਦੇ ਹਨ। ਇਹ ਮੁਕਾਬਲਾ ਡੇਅਰੀ ਫਾਰਮਿੰਗ ਅਤੇ ਪਸ਼ੂਧਨ ਪ੍ਰਬੰਧਨ ਵਿੱਚ ਉੱਤਮਤਾ ਨੂੰ ਉਤਸ਼ਾਹਿਤ ਕਰੇਗਾ, ਜਿਸ ਵਿੱਚ ਹਰੇਕ ਸ਼੍ਰੇਣੀ ਵਿੱਚ ਜੇਤੂਆਂ ਨੂੰ ਆਕਰਸ਼ਕ ਇਨਾਮ ਅਤੇ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਨਿਰਧਾਰਤ ਸ਼੍ਰੇਣੀਆਂ ਅਤੇ ਘੱਟੋ-ਘੱਟ ਦੁੱਧ ਮਾਪਦੰਡਾਂ ਅਨੁਸਾਰ ਇੰਦਰਾਜ਼ ਕਰਵਾ ਕੇ ਹਿੱਸਾ ਲੈ ਸਕਦੇ ਹਨ।