ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਨਾਲ ਸੰਬੰਧਿਤ 32 ਕਾਲਜਾਂ ਨੇ ਲਿਆ ਭਾਗ
ਖਰੜ/ ਮੋਹਾਲੀ (3 ਅਕਤੂਬਰ 2025): ਦੇਸ਼ ਕਲਿੱਕ ਬਿਓਰੋ
ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਵੱਲੋਂ ਦੱਖਣੀ ਜ਼ੋਨ ਯੂਥ ਫੈਸਟੀਵਲ 2025 ਦੀ ਸ਼ੁਰੂਆਤ ਦੋਆਬਾ ਬਿਜ਼ਨਸ ਸਕੂਲ, ਦੋਆਬਾ ਗਰੁੱਪ ਆਫ ਕਾਲਜਜ਼ ਕੈਂਪਸ–I, ਖ਼ਰੜ ਵਿਖੇ ਪੂਰੇ ਧੂਮ ਧੜੱਕੇ ਦੇ ਨਾਲ ਹੋਈ। ਇਸ ਫੈਸਟੀਵਲ ਵਿੱਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਸਬੰਧਤ ਤਕਰੀਬਨ 32 ਕਾਲਜਾਂ ਨੇ ਭਾਗ ਲਿਆ।
ਇਸ ਯੂਥ ਫੈਸਟੀਵਲ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਮੰਚ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੀਆਂ ਯੋਗਤਾਵਾਂ ਨੂੰ ਉਜਾਗਰ ਕਰਨਾ ਹੈ, ਤਾਂ ਜੋ ਉਹ ਸਮਾਜਕ ਬਦਲਾਅ ਦੇ ਸਰੋਤ ਬਣ ਸਕਣ। ਨਾਲ ਹੀ ਵਿਦਿਆਰਥੀਆਂ ਨੂੰ ਪੰਜਾਬ ਦੀ ਰੰਗ–ਬਿਰੰਗੀ ਤੇ ਸ਼ਾਨਦਾਰ ਸਭਿਆਚਾਰਕ ਵਿਰਾਸਤ ਨਾਲ ਜੋੜਨ ਦਾ ਵੀ ਯਤਨ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਪ੍ਰੋਗਰਾਮ ਦਾ ਆਗਾਜ਼ ਸਭ ਤੋਂ ਪਹਿਲਾਂ ਡਾ: ਮੀਨੂੰ ਜੇਟਲੀ ਡਾਇਰੈਕਟਰ ਪ੍ਰਿੰਸੀਪਲ ਦੁਆਬਾ ਬਿਜਨਸ ਸਕੂਲ ਵੱਲੋਂ ਵੈਲਕਮ ਸਪੀਚ ਨਾਲ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਡਾ. ਆਰ.ਪੀ.ਐਸ. ਬੇਦੀ (ਡਾਇਰੈਕਟਰ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ – ਓਪਨ ਐਂਡ ਡਿਸਟੈਂਸ ਲਰਨਿੰਗ) ਸਨ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੌਜਵਾਨਾਂ ਦੀ ਵਿਅਕਤੀਗਤ ਵਿਕਾਸ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੀਆਂ ਹਨ ਅਤੇ ਉਹਨਾਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਤਿਆਰ ਕਰਦੀਆਂ ਹਨ।
ਡਾ. ਸਮੀਰ ਸ਼ਰਮਾ (ਡਾਇਰੈਕਟਰ, ਯੂਥ ਵੈਲਫੇਅਰ, ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ) ਵੱਲੋਂ ਪੂਰੇ ਸਮਾਗਮ ਨੂੰ ਸੁਚਾਰੂ ਢੰਗ ਨਾਲ ਆਯੋਜਿਤ ਕੀਤਾ ਗਿਆ। ਦੋਆਬਾ ਗਰੁੱਪ ਆਫ ਕਾਲਜਜ਼ ਦੇ ਚੇਅਰਮੈਨ ਸ਼੍ਰੀ ਐਮ.ਐਸ. ਬੱਠ, ਪ੍ਰਧਾਨ ਡਾ. ਐਚ.ਐਸ. ਬੱਠ, ਮੈਨੇਜਿੰਗ ਵਾਈਸ ਚੇਅਰਮੈਨ ਐੱਸ.ਐੱਸ.ਐੱਸ. ਸੰਘਾ ਐਗਜ਼ਿਕਿਊਟਿਵ ਵਾਈਸ ਚੇਅਰਮੈਨ ਸ. ਮਨਜੀਤ ਸਿੰਘ ਸਮੇਤ ਸਾਰੇ ਡਾਇਰੈਕਟਰ–ਪ੍ਰਿੰਸੀਪਲਜ਼, ਵਿਦਿਆਰਥੀ ਤੇ ਹੋਰ ਮਹਿਮਾਨ ਵੀ ਮੌਜੂਦ ਸਨ।
ਇਸ ਯੂਥ ਫੈਸਟੀਵਲ ਦੀ ਸਫਲਤਾ ਦਾ ਸਿਹਰਾ ਮੋਨਿੰਦਰ ਪਾਲ ਕੌਰ ਗਿੱਲ ਡੀਨ ਸਟੂਡੈਂਟ ਵੈਲਫੇਅਰ ਅਤੇ ਸਮੂਹ ਸਟਾਫ ਨੂੰ ਜਾਂਦਾ ਹੈ ਜਿਨ੍ਹਾਂ ਨੇ ਲਗਾਤਰ ਇਸ ਪ੍ਰੋਗਰਾਮ ਲਈ ਵਿਦਿਆਰਥੀਆਂ ਨੂੰ ਤਿਆਰੀਆਂ ਕਰਵਾਉਣ ਦੇ ਨਾਲ ਨਾਲ ਯੂਥ ਫੈਸਟੀਵਲ ਲਈ ਹੋਰ ਪ੍ਰਬੰਧਾਂ ਨੂੰ ਵੀ ਸਫਲਤਾ ਪੂਰਵਕ ਨੇਪਰੇ ਚੜਿਆ । ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਇੰਟਰਨੈਸ਼ਨਲ ਗਰੁੱਪ ਡਾਂਸ, ਕਲਾਸੀਕਲ ਡਾਂਸ (ਐਗਜ਼ੀਬਿਸ਼ਨ), ਗਿੱਧਾ, ਮਿਮਿਕਰੀ, ਵਨ ਐਕਟ ਪਲੇ, ਡੀਬੇਟ ਅਤੇ ਇਲੋਕਿਊਸ਼ਨ, ਕ੍ਰੀਏਟਿਵ ਰਾਈਟਿੰਗ, ਕਵਿਤਾ ਲੇਖਨ, ਨਿਬੰਧ ਲੇਖਨ, ਕਲਾਸੀਕਲ ਵੋਕਲ ਸੋਲੋ, ਕਲਾਸੀਕਲ ਇੰਸਟਰੂਮੈਂਟਲ ਸੋਲੋ, ਲਾਈਟ ਵੋਕਲ ਇੰਡੀਆਨ, ਲੋਕ ਗੀਤ, ਔਨ-ਦ-ਸਪਾਟ ਪੇਂਟਿੰਗ, ਫੋਟੋਗ੍ਰਾਫੀ, ਕਲੇ ਮਾਡਲਿੰਗ ਤੇ ਕੋਲਾਜ ਮੇਕਿੰਗ ਆਦਿ ਸ਼ਾਮਲ ਸਨ।
ਇਸ ਦੌਰਾਨ ਕਰੀਬ 32 ਕਾਲਜਾਂ ਦੇ 250 ਵਿਦਿਆਰਥੀ–ਕਲਾਕਾਰਾਂ ਨੇ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕੀਤਾ। ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਡਾ. ਆਰ.ਪੀ.ਐਸ. ਬੇਦੀ ਨੇ ਵਿਜੇਤਾਵਾਂ ਅਤੇ ਰਨਰ-ਅਪ ਵਿਦਿਆਰਥੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਪਹਿਲੇ ਦਿਨ ਦੀ ਸਭ ਤੋਂ ਆਕਰਸ਼ਕ ਪ੍ਰਤੀਯੋਗਤਾ ਗਿੱਧਾ ਰਿਹਾ, ਜਿਸਨੇ ਦਰਸ਼ਕਾਂ ਦੇ ਦਿਲ ਜਿੱਤ ਲਏ।