ਪੱਛੜੀਆਂ ਸ਼੍ਰੇਣੀਆਂ ਲਈ ਰਾਸ਼ਟਰੀ ਕਮਿਸ਼ਨ 14 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਜਨਤਕ ਸੁਣਵਾਈ ਕਰੇਗਾ
ਚੰਡੀਗੜ੍ਹ, 8 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਸ਼ਟਰੀ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ (ਐਨ.ਸੀ.ਬੀ.ਸੀ.), ਨਵੀਂ ਦਿੱਲੀ, ਹੁਣ 14 ਅਕਤੂਬਰ, 2025 ਨੂੰ ਦੁਪਹਿਰ 2:00 ਵਜੇ ਯੂ.ਟੀ. ਗੈਸਟ ਹਾਊਸ, ਚੰਡੀਗੜ੍ਹ ਵਿਖੇ ਭਾਰਤ ਸਰਕਾਰ ਦੀ ਕੇਂਦਰੀ ਓ.ਬੀ.ਸੀ. ਸੂਚੀ ਵਿੱਚ ਪੰਜਾਬ ਦੀਆਂ ਵੱਖ-ਵੱਖ ਜਾਤੀਆਂ ਨੂੰ ਸ਼ਾਮਲ ਕਰਨ ਦੇ ਸਬੰਧ ਵਿੱਚ ਇੱਕ ਜਨਤਕ ਸੁਣਵਾਈ ਕਰੇਗਾ।
ਇਹ ਧਿਆਨ ਦੇਣ ਯੋਗ ਹੈ ਕਿ ਇਹ ਜਨਤਕ ਸੁਣਵਾਈ ਪਹਿਲਾਂ 9 ਅਕਤੂਬਰ ਨੂੰ ਨਿਰਧਾਰਤ ਕੀਤੀ ਗਈ ਸੀ, ਪਰ ਹੁਣ ਇਸ ਦੀ ਮਿਤੀ ਤਬਦੀਲ ਕਰਕੇ 14 ਅਕਤੂਬਰ ਨਿਸ਼ਚਿਤ ਕੀਤੀ ਗਈ ਹੈ।
ਬੁਲਾਰੇ ਨੇ ਕਿਹਾ ਕਿ ਇਸ ਜਨਤਕ ਸੁਣਵਾਈ ਦਾ ਉਦੇਸ਼ ਸਬੰਧਤ ਜਾਤੀਆਂ ਦੇ ਪ੍ਰਤੀਨਿਧੀਆਂ ਨੂੰ ਕਮਿਸ਼ਨ ਦੇ ਸਾਹਮਣੇ ਸਿੱਧੇ ਤੌਰ ‘ਤੇ ਆਪਣੇ ਵਿਚਾਰ, ਤੱਥ ਅਤੇ ਮੰਗਾਂ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ।
ਰਾਜ ਸਰਕਾਰ ਨੇ ਸਬੰਧਤ ਜਾਤੀ ਸਮੂਹਾਂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨੂੰ ਇਸ ਜਨਤਕ ਸੁਣਵਾਈ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਕਮਿਸ਼ਨ ਨਾਲ ਆਪਣੇ ਸੁਝਾਅ ਸਾਂਝੇ ਕਰਨ ਦੀ ਅਪੀਲ ਕੀਤੀ ਹੈ।