ਦੇਸ਼ ਕਲਿੱਕ ਬਿਓਰੋ
ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਖੁਦ ਹੀ ਚੋਰ ਬਣ ਗਈ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਇਹ ਮਾਮਲਾ ਮੱਧ ਪ੍ਰਦੇਸ਼ ਦਾ ਹੈ। ਭੁਪਾਲ ਪੁਲਿਸ ਦੀ ਇਕ ਸੀਨੀਅਰ ਮਹਿਲਾ ਅਧਿਕਾਰੀ ਉਤੇ ਚੋਰੀ ਦੇ ਦੋਸ਼ ਲੱਗੇ ਹਨ। ਮਹਿਲਾ ਪੁਲਿਸ ਅਧਿਕਾਰੀ ਕਲਪਨਾ ਰਘੁਵੰਸ਼ੀ ਪੁਲਿਸ ਮੁੱਖ ਦਫ਼ਤਰ ਵਿੱਚ ਡਿਪਟੀ ਸੁਪਰਡੈਂਟ ਆਫ ਪੁਲਿਸ (DSP) ਵਜੋਂ ਤੈਨਾਤ ਹੈ। ਮਹਿਲਾ ਅਧਿਕਾਰੀ ਕਲਪਨਾ ਰਘੁਵੰਸ਼ੀ ਉਤੇ ਉਸਦੀ ਦੋਸਤ ਦੇ ਘਰ ਵਿੱਚ ਕਥਿਤ ਤੌਰ ਉਤੇ 2 ਲੱਖ ਰੁਪਏ ਅਤੇ ਇਕ ਮੋਬਾਇਲ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ।
ਜਹਾਂਗੀਰਾਬਾਦ ਥਾਣਾ ਖੇਤਰ ਵਿਚ ਹੋਈ ਇਸ ਘਟਨਾ ਨੇ ਪੁਲਿਸ ਦੀ ਇਮਾਨਦਾਰੀ ਅਤੇ ਜਵਾਬਦੇਹੀ ਉ਼ਤੇ ਗੰਭੀਰ ਸਵਾਲ ਚੁੱਕੇ ਹਨ। ਕਲਪਨਾ ਦੀ ਦੋਸਤ ਦਾ ਆਰੋਪ ਹੈ ਕਿ ਉਹ ਆਪਣਾ ਮੋਬਾਇਲ ਫੋਨ ਚਾਰਜ ਉਤੇ ਲਗਾ ਕੇ ਨਹਾਉਣ ਗਈ ਸੀ। ਇਸ ਦੌਰਾਨ ਡੀਐਸਪੀ ਕਲਪਨਾ ਰਘੁਵੰਸ਼ੀ ਨੇ ਘਰ ਵਿੱਚ ਦਾਖਲ ਹੋ ਕੇ ਉਸਦੇ ਹੈਂਡਬੈਗ ਵਿਚ ਰੱਖੇ ਹੋਹੇ ਪੈਸੇ ਅਤੇ ਇਕ ਮੋਬਾਇਲ ਫੋਨ ਚੋਰੀ ਕਰ ਲਿਆ, ਜਦੋਂ ਉਹ ਬਾਥਰੂਮ ਵਿਚੋਂ ਬਾਹਰ ਨਿਕਲੀ ਤਾਂ ਪਰਸ ਵਿਚੋਂ ਨਗਦੀ ਅਤੇ ਫੋਨ ਦੋਵੇਂ ਗਾਇਬ ਸਨ।
ਮਹਿਲਾ ਨੇ ਤੁਰੰਤ ਸੀਸੀਟੀਵੀ ਚੈਕ ਕੀਤਾ, ਜਿਸ ਵਿੱਚ ਡੀਐਸਪੀ ਰਘੁਵੰਸ਼ੀ ਘਰ ਵਿਚ ਆਉਂਦੀ ਤੇ ਜਾਂਦੀ ਦਿਖਾਈ ਦਿੰਦੀ ਸੀ। ਸੂਤਰਾਂ ਮੁਤਾਬਕ ਫੁਟੇਜ਼ ਵਿਚ ਡੀਐਸਪੀ ਨੂੰ ਘਰ ਵਿਚੋਂ ਨਿਕਲਦੇ ਸਮੇਂ ਨੋਟਾਂ ਦਾ ਇਕ ਬੰਡਲ ਫੜਿਆ ਵੀ ਦਿਖਾਈ ਦਿੰਦਾ ਹੈ। ਫੁਟੇਜ਼ ਦੇਖ ਕੇ ਉਹ ਹੈਰਾਨ ਰਹਿ ਗਈ। ਉਨ੍ਹਾਂ ਤੁਰੰਤ ਪੁਲਿਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ, ਉਹ ਫਰਾਰ ਹੈ। ਪੁਲਿਸ ਨੇ ਉਸਦੀ ਭਾਲ ਲਈ ਸਰਚ ਆਪਰੇਸ਼ਨ ਚਲਾਇਆ ਹੈ। ASP ਬਿੱਟੂ ਸ਼ਰਮਾ ਨੇ ਦੱਸਿਆ ਚੋਰੀ ਹੋਇਆ ਮੋਬਾਇਲ ਫੋਨ ਮਹਿਲਾ ਪੁਲਿਸ ਅਧਿਕਾਰੀ ਦੇ ਘਰੋਂ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ਼ ਵਿਚ ਉਹ ਦਿਖਾਈ ਦੇ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ, 2 ਲੱਖ ਰੁਪਏ ਦੀ ਨਗਦੀ ਅਜੇ ਵੀ ਗਾਇਬ ਹੈ। ਪੁਲਿਸ ਮੁੱਖ ਦਫ਼ਤਰ ਵੱਲੋਂ ਮੁਲਜ਼ਮ ਅਧਿਕਾਰੀ ਨੂੰ ਵਿਭਾਗੀ ਨੋਟਿਸ ਜਾਰੀ ਕੀਤਾ ਗਿਆ ਹੈ।




