- ਦੋ ਬੱਸਾਂ ਤੇ ਇੱਟਾਂ ਨਾਲ ਭਰੀ ਟਰਾਲੀ ‘ਚ ਟੱਕਰ
- ਦੋਹਾਂ ਬੱਸਾਂ ਤੇ ਟਰਾਲੀ ਦਾ ਹੋਇਆ ਭਾਰੀ ਨੁਕਸਾਨ
ਤਰਨਤਾਰਨ, 6 ਜਨਵਰੀ: ਦੇਸ਼ ਕਲਿੱਕ ਬਿਊਰੋ:
ਤਰਨਤਾਰਨ ਦੇ ਕਸਬਾ ਹਰੀਕੇ ਪੱਤਣ ਵਿਖੇ ਦੇਰ ਸ਼ਾਮ ਦੋ ਸਰਕਾਰੀ ਬੱਸਾਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਇਨ੍ਹਾਂ ਵਿੱਚੋਂ ਇਕ ਬੱਸ ਇੱਟਾਂ ਲੱਦੀ ਟਰਾਲੀ ਨਾਲ ਟਕਰਾਉਣ ਕਰਕੇ ਹਾਦਸਾ ਵਾਪਰਿਆ। ਜਿਸਦੇ ਚੱਲਦਿਆਂ ਬੱਸਾਂ ਦੇ ਚਾਲਕਾਂ ਤੋਂ ਇਲਾਵਾ ਟਰੈਕਟਰ ਟਰਾਲੀ ਸਵਾਰ ਦੋ ਵਿਅਕਤੀ ਅਤੇ 100 ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ। ਹਾਦਸੇ ਦਾ ਪਤਾ ਚੱਲਦਿਆਂ ਹੀ ਥਾਣਾ ਹਰੀਕੇ ਦੇ ਮੁਖੀ ਸਬ ਇੰਸਪੈਕਟਰ ਬਲਬੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕਾਰਜ ਆਰੰਭ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਕ ਬੱਸ ਦਾ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵੱਲੋਂ ਦੋ ਸਰਕਾਰੀ ਬੱਸਾਂ ਹਰੀਕੇ ਵੱਲ ਜਾ ਰਹੀਆਂ ਸਨ। ਜਦੋਂ ਨੈਸ਼ਨਲ ਹਾਈਵੇ ਤੋਂ ਉਹ ਕਸਬੇ ਵਾਲੀ ਦੋ ਲੇਨ ਸੜਕ ’ਤੇ ਉੱਤਰੀਆਂ ਤਾਂ ਕਸਬੇ ਵੱਲ ਜਾਂਦਿਆਂ ਕੁਝ ਦੂਰੀ ’ਤੇ ਹੀ ਇਕ ਬੱਸ ਦੀ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਨਾਲ ਭਿਆਨਕ ਟੱਕਰ ਹੋ ਗਈ। ਜਦੋਂਕਿ ਉਸਦੇ ਨਾਲ ਜਾ ਰਹੀ ਦੂਸਰੀ ਬੱਸ ਵੀ ਹਾਦਸਾਗ੍ਰਸਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਬੱਸਾਂ ਸਵਾਰੀਆਂ ਨਾਲ ਭਰੀਆਂ ਹੋਈਆਂ ਸਨ।



