ਝੱਜਰ-ਬਚੌਲੀ ਜੰਗਲੀ ਜੀਵ ਸੈਂਚੁਰੀ ਦਾ ਨਾਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਨਾਂ ‘ਤੇ ਰੱਖਿਆ ਜਾਵੇਗਾ

ਪੰਜਾਬ
  • ਪੰਜਾਬ ਰਾਜ ਜੰਗਲੀ ਜੀਵ ਬੋਰਡ ਦੀ ਸਟੈਂਡਿੰਗ ਕਮੇਟੀ ਨੇ ਦਿੱਤੀ ਪ੍ਰਵਾਨਗੀ

ਚੰਡੀਗੜ੍ਹ, ਜਨਵਰੀ 8: ਦੇਸ਼ ਕਲਿੱਕ ਬਿਊਰੋ:

ਪੰਜਾਬ ਰਾਜ ਜੰਗਲੀ ਜੀਵ ਬੋਰਡ ਦੀ ਸਟੈਂਡਿੰਗ ਕਮੇਟੀ ਨੇ ਅੱਜ ਇਤਿਹਾਸਕ ਫੈਸਲਾ ਲੈਂਦਿਆਂ ਰੂਪਨਗਰ ਜ਼ਿਲ੍ਹੇ ਦੀ ਝੱਜਰ-ਬਚੌਲੀ ਜੰਗਲੀ ਜੀਵ ਸੈਂਚੁਰੀ ਦਾ ਨਾਂ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਨਾਂ ’ਤੇ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਬਾਅਦ ਇਸ ਸੈਂਚੁਰੀ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੰਗਲੀ ਜੀਵ ਸੈਂਚੁਰੀ ਵਜੋਂ ਜਾਣਿਆ ਜਾਵੇਗਾ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਵਸ ਪਿਛਲੇ ਸਾਲ 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ ਸੀ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਝੱਜਰ-ਬਚੌਲੀ ਜੰਗਲੀ ਜੀਵ ਸੈਂਚੁਰੀ ਦਾ ਨਾਂ ਬਦਲ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਂ ‘ਤੇ ਰੱਖਣ ਦੀ ਸਿਫਾਰਸ਼ ਭੇਜੀ ਗਈ ਸੀ।

ਜ਼ਿਕਰਯੋਗ ਹੈ ਕਿ ਇਹ ਜੰਗਲੀ ਜੀਵ ਸੈਂਚੁਰੀ ਤਿੰਨ ਪਿੰਡਾਂ ਝੱਜਰ, ਬਚੌਲੀ ਅਤੇ ਲਮਲੇਹਰੀ ਵਿੱਚ 289 ਏਕੜ ਖੇਤਰ ‘ਚ ਫੈਲੀ ਹੋਈ ਹੈ। ਇਨ੍ਹਾਂ ਵਿੱਚੋਂ 218 ਏਕੜ ਰਕਬਾ ਝੱਜਰ ਵਿੱਚ, 55 ਏਕੜ ਬਚੌਲੀ ਵਿੱਚ ਅਤੇ ਬਾਕੀ ਲਮਲੇਹਰੀ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾ, ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਜੰਗਲੀ ਜੀਵ ਸੁਰੱਖਿਆ ਐਕਟ, 1972 ਦੀ ਧਾਰਾ 18 (1) ਅਨੁਸਾਰ ਪੂਰੇ 289 ਏਕੜ ਖੇਤਰ ਨੂੰ ਝੱਜਰ-ਬਚੌਲੀ ਜੰਗਲੀ ਜੀਵ ਸੈਂਚੁਰੀ ਘੋਸ਼ਿਤ ਕੀਤਾ ਗਿਆ ਸੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਕੱਤਰ ਪ੍ਰਿਯਾਂਕ ਭਾਰਤੀ, ਪ੍ਰਮੁੱਖ ਮੁੱਖ ਵਣਪਾਲ (ਜੰਗਲਾਤ ਫੋਰਸ ਦੇ ਮੁਖੀ) ਧਰਮਿੰਦਰ ਸ਼ਰਮਾ, ਚੀਫ਼ ਵਾਈਲਡਲਾਈਫ ਵਾਰਡਨ ਬਸੰਤਾ ਰਾਜ ਕੁਮਾਰ ਅਤੇ ਸੀ.ਸੀ.ਐਫ. (ਜੰਗਲੀ ਜੀਵ) ਸਤਿੰਦਰ ਸਾਗਰ ਮੌਜੂਦ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।