ਤਿੰਨਾਂ ਹਥਿਆਰਬੰਦ ਸੈਨਾਵਾਂ ਲਈ ਅਤਿ-ਆਧੁਨਿਕ ਹਥਿਆਰਾਂ ਦੀ ਖਰੀਦ ਨੂੰ ਪ੍ਰਵਾਨਗੀ; ਲਾਗਤ 1.10 ਲੱਖ ਕਰੋੜ ਰੁਪਏ!
ਰੱਖਿਆ ਖਰੀਦ ਨੂੰ ਵੱਡਾ ਹੁਲਾਰਾ: ਡੀਏਸੀ ਵੱਲੋਂ 1.10 ਲੱਖ ਕਰੋੜ ਰੁਪਏ ਦੇ ਪ੍ਰਸਤਾਵਾਂ ਨੂੰ ਸਿਧਾਂਤਕ ਮਨਜ਼ੂਰੀ
ਨਵੀਂ ਦਿੱਲੀ 8 ਸਤੰਬਰ 2026
ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਸੋਮਵਾਰ ਨੂੰ ਰੱਖਿਆ ਪ੍ਰਾਪਤੀ ਕੌਂਸਲ (ਡੀਏਸੀ) ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਹਥਿਆਰਬੰਦ ਬਲਾਂ ਦੀ ਸਮਰੱਥਾ ਅਤੇ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਲਈ ਲਗਭਗ 1.10 ਲੱਖ ਕਰੋੜ ਰੁਪਏ ਦੀਆਂ ਰੱਖਿਆ ਖਰੀਦਾਂ ਨਾਲ ਸਬੰਧਤ ਪ੍ਰਸਤਾਵਾਂ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਗਈ।
ਡੀਏਸੀ ਵੱਲੋਂ ਥਲ ਸੈਨਾ ਲਈ ਕੈਮੀਕਲ, ਬਾਇਓਲੋਜੀਕਲ, ਰੇਡੀਓਲੌਜੀਕਲ ਅਤੇ ਨਿਊਕਲੀਅਰ (CBRN) ਟੋਹੀ ਵਾਹਨਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਵਾਹਨ ਖ਼ਤਰਨਾਕ ਰਸਾਇਣਕ, ਜੈਵਿਕ, ਰੇਡੀਓਲੌਜੀਕਲ ਅਤੇ ਪਰਮਾਣੂ ਖਤਰਿਆਂ ਦੀ ਪਛਾਣ ਤੇ ਨਿਗਰਾਨੀ ਕਰਨ ਵਿੱਚ ਸਹਾਇਕ ਹੋਣਗੇ।
ਇਸੇ ਤਰ੍ਹਾਂ ਭਾਰਤੀ ਜਲ ਸੈਨਾ ਲਈ ਆਧੁਨਿਕ ‘ਅਰੁਧਰਾ’ ਰਡਾਰ ਖਰੀਦਣ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਮਿਲੀ ਹੈ। ਇਹ ਰਡਾਰ ਸਮੁੰਦਰੀ ਖੇਤਰ ਵਿੱਚ ਨਿਗਰਾਨੀ ਅਤੇ ਹਵਾਈ ਖਤਰਿਆਂ ਦੀ ਪਛਾਣ ਕਰਨ ਦੀ ਸਮਰੱਥਾ ਨੂੰ ਹੋਰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਇਸ ਤੋਂ ਇਲਾਵਾ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਦੀ ਜੰਗੀ ਸਮਰੱਥਾ ਵਧਾਉਣ ਨਾਲ ਸਬੰਧਤ ਕਈ ਪ੍ਰਸਤਾਵਾਂ ਨੂੰ ਵੀ ਹਰੀ ਝੰਡੀ ਦਿੱਤੀ ਗਈ। ਸਰਕਾਰ ਦੇ ਇਸ ਫੈਸਲੇ ਨੂੰ ਤਿੰਨਾਂ ਸੈਨਾਵਾਂ ਦੀ ਆਧੁਨਿਕੀਕਰਨ ਪ੍ਰਕਿਰਿਆ ਨੂੰ ਗਤੀ ਦੇਣ ਵਾਲਾ ਕਦਮ ਮੰਨਿਆ ਜਾ ਰਿਹਾ ਹੈ।







