ਮੋਰਿੰਡਾ 03 ਮਈ (ਭਟੋਆ )
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਸਖ਼ਤ ਸਟੈਂਡ ਲੈ ਰੱਖਿਆ ਹੈ, ਅਸੀਂ ਅਪਣੀ ਜ਼ਿੰਦਗੀ ਵਿੱਚ ਅਜਿਹਾ ਮੁੱਖ ਮੰਤਰੀ ਨਹੀਂ ਵੇਖਿਆ ਜਿਹੜਾ ਅਪਣੇ ਸੂਬੇ ਦੇ ਲੋਕਾਂ ਲਈ ਕੇਂਦਰ ਸਰਕਾਰ ਨਾਲ ਅੜਿਆ ਹੋਵੇ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਏਥੇ ਖੁਰਲ ਮੋਟਰਜ਼ ਮੋਰਿੰਡਾ ਵਿਖੇ ਅਪਣੇ ਨਜ਼ਦੀਕੀ ਪਰਵਿੰਦਰ ਸਿੰਘ ਸੋਨੂੰ ਖੁਰਲ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਸੰਖੇਪ ਮਿਲਣੀ ਦੌਰਾਨ ਕੀਤਾ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਪ੍ਰਤਿਭਾ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਮੂਲੀਅਤ ਕਰਨ ਲਈ ਮੋਰਿੰਡਾ ਵਿਖੇ ਆਏ ਸਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਸਾਰੀ ਕੈਬਨਿਟ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਦੀ ਚਿੰਤਾ ਕਰਦਿਆਂ ਨਸ਼ਿਆਂ ਦੇ ਖਾਤਮੇ ਲਈ ਵੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ 31 ਮਈ ਡੈਡਲਾਈਨ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸਤੋਂ ਬਾਅਦ ਜਿਹੜੇ ਇਲਾਕੇ ਵਿੱਚੋਂ ਨਸ਼ਾ ਬਰਾਮਦ ਹੋਇਆ ਤਾਂ ਉਸ ਲਈ ਜ਼ਿਲ੍ਹੇ ਦਾ ਐਸ. ਐਸ. ਪੀ. ਅਤੇ ਐਸ. ਐਚ. ਓ. ਜੁੰਮੇਵਾਰ ਹੋਣਗੇ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਵੀ ਨਸ਼ਿਆਂ ਦੇ ਆਦੀ ਨਸ਼ਾ ਛੱਡਣਾ ਚਾਹੁੰਦੇ ਹਨ ਤਾਂ ਉਹ ਪੰਜਾਬ ਸਰਕਾਰ ਵੱਲੋਂ ਖੋਹਲੇ ਮੁਫ਼ਤ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਹੋ ਕੇ ਅਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਗੁਲਦਸਤਾ ਭੇਟ ਕਰਕੇ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਰਿੰਡਾ ਇਲਾਕੇ ਦੀ ਸ਼ਾਨ ਪ੍ਰਸਿੱਧ ਫ਼ਿਲਮੀ ਕਲਾਕਾਰ ਮਲਕੀਤ ਸਿੰਘ, ਦਰਸ਼ਨ ਸਿੰਘ ਰੀਹਲ੍ਹ, ਸ਼੍ਰੀ ਵਿਸ਼ਵਕਰਮਾ ਸਭਾ ਮੋਰਿੰਡਾ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਸੱਲ੍ਹ, ਗੁਰਿੰਦਰ ਸਿੰਘ ਗੋਗੀ ਰੀਹਲ੍ਹ ਸਾਬਕਾ ਪ੍ਰਧਾਨ ਵਿਸ਼ਵਕਰਮਾ ਸਭਾ ਰਜਿ ਮੋਰਿੰਡਾ, ਜਸਵੀਰ ਸਿੰਘ ਖੱਟੜਾ, ਅਵਤਾਰ ਸਿੰਘ ਸੱਲ੍ਹ, ਹਰਜਿੰਦਰ ਸਿੰਘ ਛਿੱਬਰ, ਰਾਜ ਕੁਮਾਰ ਦਸੌੜ, ਉਪਿੰਦਰ ਧੀਮਾਨ ਅਤੇ ਜਸ਼ਨਪ੍ਰੀਤ ਸਿੰਘ ਰੀਹਲ ਆਦਿ ਪਤਵੰਤੇ ਹਾਜ਼ਰ ਸਨ।