ਚੰਡੀਗੜ੍ਹ, 8 ਮਈ, ਦੇਸ਼ ਕਲਿਕ ਬਿਊਰੋ :
ਅੱਜ ਪੰਜਾਬ ਵਿੱਚ ਮੀਂਹ ਜਾਂ ਤੇਜ਼ ਹਵਾਵਾਂ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।ਬੀਤੇ ਕੱਲ੍ਹ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 1.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਅਨੁਸਾਰ, ਰਾਜ ਵਿੱਚ ਤਾਪਮਾਨ ਆਮ ਨਾਲੋਂ 3.7 ਡਿਗਰੀ ਸੈਲਸੀਅਸ ਘੱਟ ਸੀ, ਜਿਸ ਕਾਰਨ ਮੌਸਮ ਮੁਕਾਬਲਤਨ ਠੰਡਾ ਮਹਿਸੂਸ ਹੋ ਰਿਹਾ ਸੀ।
ਸੂਬੇ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 37.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 34.2 ਡਿਗਰੀ ਸੈਲਸੀਅਸ ਰਿਹਾ, ਜੋ ਕਿ ਆਮ ਨਾਲੋਂ 3.6 ਡਿਗਰੀ ਸੈਲਸੀਅਸ ਘੱਟ ਹੈ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਫਿਰੋਜ਼ਪੁਰ, ਪਠਾਨਕੋਟ, ਫਰੀਦਕੋਟ ਅਤੇ ਜਲੰਧਰ ਸ਼ਾਮਲ ਹਨ, ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3 ਤੋਂ 4 ਡਿਗਰੀ ਘੱਟ ਰਿਹਾ।
ਮੌਸਮ ਵਿਭਾਗ ਨੇ ਅੱਜ ਅਤੇ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਹੈ। ਸੂਬੇ ਭਰ ਵਿੱਚ ਮੌਸਮ ਸ਼ਾਂਤ ਰਹੇਗਾ। ਪਰ 10-11 ਮਈ ਨੂੰ, ਪੱਛਮੀ ਗੜਬੜੀ ਇੱਕ ਵਾਰ ਫਿਰ ਸਰਗਰਮ ਹੋ ਰਹੀ ਹੈ। ਜਿਸ ਅਨੁਸਾਰ ਹੁਸ਼ਿਆਰਪੁਰ, ਨਵਾਂਸ਼ਹਿਰ, ਮੋਹਾਲੀ, ਰੋਪੜ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਬਰਨਾਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਵਿੱਚ ਹਨੇਰੀ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ‘ਚ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।
