ਬਠਿੰਡਾ: 6 ਜੂਨ, ਦੇਸ਼ ਕਲਿੱਕ ਬਿਓਰੋ
ਜਮਹੂਰੀ ਅਧਿਕਾਰ ਸਭਾ ਨੇ ਸਾਰੇ ਘਟਨਾਕ੍ਰਮਦੀ ਸਮੁੱਚੀ ਪੜਤਾਲ ਪਿੱਛੋਂ ਨਰਿੰਦਰਦੀਪ ਸਿੰਘ ਸਿੰਘ ਉਰਫ ਨੰਨੂ ਦੀ ਤਸ਼ੱਦਦ ਨਾਲ ਹੋਈ ਮੌਤ ਬਾਰੇ ਉਚ ਪੱਧਰੀ ਜੁਡੀਸ਼ੀਅਲ ਜਾਂਚ ਦੀ ਮੰਗ ਕਰਦਿਆਂ ਕਿਹਾ ਹੈ ਕਿ ਮੌਤ ਸੜਕ ਹਾਦਸੇ ਨਾਲ ਨਹੀਂ ਬਲਕਿ ਅਥਾਹ ਤਸ਼ਦਦ ਕਾਰਨ ਹੋਈ ਹੈ। ਸਭਾ ਦੇ ਜਿਲਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਸਹਾਇਕ ਸਕੱਤਰ ਅਵਤਾਰ ਸਿੰਘ ਅਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਤੱਥ ਖੋਜ ਰਿਪੋਰਟ ਰਿਲੀਜ਼ ਕਰਦਿਆਂ ਕਿਹਾ ਕਿ ਸਭਾ ਦੀ ਟੀਮ ਪਰਿਵਾਰ ਦੇ ਮੈਂਬਰਾਂ ਤੇ ਹੋਰ ਸੰਬੰਧਿਤ ਵਿਅਕਤੀਆਂ ਨੂੰ ਮਿਲੀ ਤੇ ਉਸ ਨੇ ਜਾਰੀ ਹੋਈਆਂ,ਵੀਡੀਓ,ਦਸਤਾਵੇਜਾਂ,ਬਿਆਨਾਂ,ਦਰਜ ਹੋਈ ਐਫਆਈਆਰ,ਤਮੀਮਾ ਬਿਆਨ ਤੇ ਪੋਸਟਮਾਰਟਮ ਰਿਪੋਰਟ ਦੀ ਘੋਖ ਪੜਤਾਲ ਕੀਤੀ l ਨਰਿੰਦਰਦੀਪ ਦੀ ਮੌਤ ਨੂੰ ਸੜਕ ਹਾਦਸਾ ਕਹਿ ਕੇ ਪੜਦਾ ਪਾਉਣ ਦੀ ਕੋਸ਼ਿਸ਼ ਬਾਰੇ ਸਭਾ ਦਾ ਕਹਿਣਾ ਹੈ ਕਿ ਮੌਤ ਕਿਸੇ ਸੜਕ ਹਾਦਸੇ ਕਾਰਨ ਹੋਈ ਹੀ ਨਹੀਂ ਕਿਉਂਕਿ ਪੋਸਟਮਾਰਟਮ ਵਿੱਚ ਉਸ ਦੇ ਸਰੀਰ ਤੇ ਲੱਗੀਆਂ ਸੱਟਾਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਇਹ ਸੱਟਾਂ ਐਕਸੀਡੈਂਟ ਵਾਲੀਆਂ ਨਹੀਂ ਹਨ ਤੇ ਨਾ ਹੀ ਕਾਰ ਦੀ ਹਾਲਤ ਐਕਸੀਡੈਂਟ ਵਾਲੀ ਹੈ l ਕਾਰ ਠੀਕ ਠਾਕ ਹਾਲਤ ਵਿੱਚ ਚਲਾ ਕੇ ਸਿਵਲ ਹਸਪਤਾਲ ਲਿਆਂਦੀ ਗਈ l ਕਾਰ ਦੀ ਡਰਾਈਵਰ ਸੀਟ ਵਾਲਾ ਸ਼ੀਸ਼ਾ ਟੁੱਟੇ ਹੋਣ ਨੂੰ ਹੀ ਐਕਸੀਡੈਂਟ ਮੰਨਣਾ ਠੀਕ ਨਹੀਂ l ਪਰਿਵਾਰਿਕ ਮੈਂਬਰਾਂ ਦਾ ਇਹ ਸ਼ੱਕ ਕਿ ਤਸ਼ੱਦਦ ਨਾਲ ਮੌਤ ਹੋਈ ਹੈ ਉਦੋਂ ਯਕੀਨ ਵਿੱਚ ਬਦਲਿਆ ਜਦੋਂ ਉਹਨਾਂ ਨੇ ਗਗਨਦੀਪ ਦੀ ਵੀਡੀਓ ਸੁਣੀ ਜਿਸ ਨੇ ਅਸਲੀਅਤ ਤੋਂ ਪਰਦਾ ਚੁੱਕਿਆ l ਮਿਰਤਕ ਦੇ ਪਿਤਾ ਡਾ. ਰਣਜੀਤ ਸਿੰਘ ਅਤੇ ਪ੍ਰੀਵਾਰ ਨੇ ਸੀਆਈਏ ਸਟਾਫ ਨੂੰ ਦੋਸ਼ੀ ਠਹਿਰਾਇਆ ਅਤੇ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ ਪਰ ਪੁਲਿਸ ਨੇ ਇਹਨਾਂ ਦੋਸ਼ਾਂ ਨੂੰ ਕਿਤੇ ਵੀ ਨਕਾਰਿਆ ਨਹੀਂ ਹੈ l ਸੀਆਈਏ ਸਟਾਫ-2 ਦਾ ਮੁਖੀ ਵੀ ਦੋਸ਼ੀਆਂ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ,ਕਿਉਂਕਿ ਉਸ ਦੀ ਸਲਾਹ ਤੋਂ ਬਿਨਾਂ ਇਹਨਾਂ ਤਸ਼ੱਦਦ ਕਿਵੇਂ ਕੀਤਾ ਜਾ ਸਕਦਾ ਹੈ l ਪੰਜਾਬ ਪੁਲਿਸ ਵੱਲੋਂ ਤਸੀਹੇ ਦੇਣਾ ਇੱਕ ਆਮ ਗੱਲ ਬਣ ਗਈ ਹੈ। ਪਹਿਲਾਂ ਵੀ 2017 ਚ ਬਠਿੰਡੇ ਦੀ ਮਾਤਾ ਰਾਣੀ ਗਲੀ ਵਿਖੇ ਤਸ਼ੱਦਦ ਦੌਰਾਨ ਇੱਕ ਬੱਚੇ ਦੇ ਗੁਪਤ ਅੰਗਾਂ ਚ ਪੁਲਸ ਨੇ ਪੈਟਰੋਲ ਪਾਇਆ ਪਰ ਦਰਜ਼ ਹੋਈ ਐਫ ਆਈ ਆਰ ਪਿੱਛੋਂ ਕੁਐਸ਼ ਕਰ ਦਿੱਤੀ ਗਈ,ਕਿਉਂਕਿ ਸਧਾਰਨ ਪਰਿਵਾਰ ਪੁਲਿਸ ਅੱਗੇ ਅਜਿਹਾ ਕੇਸ ਜਾਰੀ ਰੱਖਣ ਤੋਂ ਅਸਮਰਥ ਰਿਹਾ l ਇਸ ਕਰਕੇ ਹੁਣ ਵੀ ਸ਼ੱਕ ਦੀ ਸੂਈ ਪੰਜਾਬ ਪੁਲਿਸ ਵੱਲ ਹੀ ਉੱਠਦੀ ਹੈ। ਇਸ ਕਰਕੇ ਪੰਜਾਬ ਪੁਲਿਸ ਤੋਂ ਕਿਸੇ ਕਿਸਮ ਦੀ ਇਨਸਾਫ ਦੀ ਉਮੀਦ ਨਹੀਂ ਰਖੀ ਜਾ ਸਕਦੀ l ਮ੍ਰਿਤਕ ਦੀ ਤਸ਼ੱਦਦ ਕਾਰਨ ਹੋਈ ਮੌਤ ਦੇ ਪੂਰੇ ਘਟਨਾਕ੍ਰਮ ਤੇ ਸ਼ੱਕੀ ਹਾਲਤਾਂ ਮੌਤ ਦੀ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਹੀ ਇਸ ਘਟਨਾ ਨਾਲ ਜੁੜੇ ਸਾਰੇ ਪੱਖਾਂ ਤੋਂ ਪਰਦਾ ਚੁੱਕ ਸਕਦੀ ਹੈ l ਇਸ ਤਰ੍ਹਾਂ ਨਾਲ ਅਗਵਾਹ ਕਰਕੇ ਤਸੀਹੇ ਦੇਣ ਤੇ ਕਤਲ ਕਰਨ ਦੇ ਦੋਸ਼ੀਆਂ ਨੂੰ ਕਟਹਿਰੇ ਚ ਖੜਾ ਕਰਕੇ ਹੀ ਪੀੜਤਾਂ ਨੂੰ ਇਨਸਾਫ ਦੇਣ ਦੇ ਰਾਹ ਪਿਆ ਜਾ ਸਕਦਾ ਹੈ l ਸਭਾ ਦਾ ਇਹ ਵੀ ਕਹਿਣਾ ਹੈ ਕਿ ਦਰਜ ਐਫ ਆਈਆਰ ਵਿੱਚ ਲੱਗੀਆਂ ਧਾਰਾਵਾਂ ਚ ਵਾਧਾ ਕਰਕੇ ਅਗਵਾਅ, ਤਸ਼ੱਦਦ ਤੇ ਕਤਲ ਕਰਨ ਦੀਆਂ ਧਾਰਾਂਵਾਂ ਸ਼ਾਮਿਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ l ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ ਪ੍ਰੀਵਾਰ ਨੂੰ ਕਨੂੰਨ ਮੁਤਾਬਿਕ ਬਣਦਾ ਮੁਆਵਜ਼ਾ ਵੀ ਮਿਲਣਾ ਚਾਹੀਦਾ ਹੈ। ਕਿਉਂਕਿ ਨਰਿੰਦਰਦੀਪ ਆਪਣੇ ਘਰ ਦਾ ਇੱਕ ਕਮਾਊ ਮੈਂਬਰ ਸੀ l ਸਭਾ ਦੀ ਜਾਂਚ ਟੀਮ ਦੇ 7 ਮੈਂਬਰ ਸਨ : ਪ੍ਰਿੰ,ਬੱਗਾ ਸਿੰਘ,ਪ੍ਰਿਤਪਾਲ ਸਿੰਘ,ਡਾ.ਅਜੀਤਪਾਲ ਸਿੰਘ,ਜਗਮੇਲ ਸਿੰਘ ਜਠੌਲ,ਗੁਰਚਰਨ ਸਿੰਘ ਖੇਮੂਆਣਾ,ਸਿਕੰਦਰ ਸਿੰਘ ਧਾਲੀਵਾਲ ਅਤੇ ਸੰਤੋਖ ਸਿੰਘ ਮੱਲਣ l
ਜਾਰੀ ਕਰਤਾ ਡਾ.ਅਜੀਤਪਾਲ ਸਿੰਘ
ਪ੍ਰੈਸ ਸਕੱਤਰ
9815629301