ਬਠਿੰਡੇ ਦਾ ਬੱਸ ਅੱਡਾ ਬਚਾਉਣ ਲਈ ਲੁਧਿਆਣਾ ‘ਚ ਰੈਲੀ ਸੋਮਵਾਰ ਨੂੰ

Published on: June 14, 2025 11:41 am

Punjab

ਬਠਿੰਡਾ: 14 ਜੂਨ, ਦੇਸ਼ ਕਲਿੱਕ ਬਿਓਰੋ

ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਵੱਲੋਂ ਇੱਕ ਹੰਗਾਮੀ ਮੀਟਿੰਗ ਪਬਲਿਕ ਲਾਇਬ੍ਰੇਰੀ ਹਾਲ ਵਿੱਚ ਕੀਤੀ ਗਈ। ਜਿਸ ਵਿੱਚ ਬਸ ਅੱਡੇ ਨੂੰ ਮਲੋਟ ਰੋਡ ‘ਤੇ ਸ਼ਿਫਟ ਕਰਨ ਲਈ ਪਾਸ ਕੀਤੀ ਜ਼ਮੀਨ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਕਮੇਟੀ ਦੇ ਕਨਵੀਨਰ ਬਲਤੇਜ ਵਾਂਦਰ ਅਤੇ ਗੁਰਪ੍ਰੀਤ ਸਿੰਘ ਆਰਟਿਸਟ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਲੋਕਾਂ ਨੂੰ ਮੂਰਖ ਬਣਾ ਕੇ ਇੱਕ ਪਾਸੇ ਜਿੱਥੇ ਲੋਕ ਰਾਏ ਜਾਣਣ ਦੀ ਗੱਲ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਸਾਜਿਸ਼ ਅੰਦਰ ਮਲੋਟ ਰੋਡ ‘ਤੇ ਬਸ ਅੱਡੇ ਨੂੰ ਤਬਦੀਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਬੈਠਕ ਵਿੱਚ ਆਏ ਸੁਝਾਵਾਂ ਦੇ ਅਨੁਸਾਰ ਸਰਕਾਰ ਦੇ ਇਸ ਤਾਨਾਸਾਹੀ ਫੈਸਲੇ ਦਾ ਵਿਰੋਧ ਕਰਨ ਲਈ ਸੋਮਵਾਰ ਨੂੰ ਬਠਿੰਡਾ ਤੋਂ ਵੱਡੀ ਗਿਣਤੀ ਵਿੱਚ ਲੁਧਿਆਣਾ ਜਾ ਕੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ ਅਤੇ ਧੱਕੇਸ਼ਾਹੀ ਦੀ ਪੋਲ ਖੋਲੀ ਜਾਵੇਗੀ। ਕਿਉਂਕਿ ਲੋਕ ਰਾਏ ਜਾਣਣ ਦੀ ਗੱਲ ਕਰਕੇ ਸੱਤਾ ਵਿੱਚ ਆਈ ਪਾਰਟੀ ਨੇ ਬਠਿੰਡਾ ਵਾਸੀਆਂ ਨਾਲ ਵੱਡਾ ਧੋਖਾ ਕੀਤਾ ਹੈ। ਜਦਕਿ ਸੰਘਰਸ਼ ਕਮੇਟੀ ਵਿਧਾਨ ਸਭਾ ਸਪੀਕਰ ਅਤੇ ਲੋਕਲ ਬਾਡੀ ਮੰਤਰੀ ਨਾਲ ਮਿਲਕੇ ਆਪਣੀ ਗੱਲ ਵੀ ਰੱਖ ਚੁੱਕੀ ਸੀ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਕੋਈ ਵੀ ਗਲਤ ਫੈਸਲਾ ਨਹੀਂ ਲਿਆ ਜਾਵੇਗਾ, ਜੋ ਕਿ ਝੂਠ ਸਾਬਤ ਹੋਇਆ।

 ਸੰਦੀਪ ਬਾਬੀ ਨੇ ਦੱਸਿਆ ਕਿ ਹੁਣ ਸੰਘਰਸ਼ ਤੇਜ਼ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਬਸ ਅੱਡੇ ਸਮੇਤ ਸ਼ਹਿਰ ਦੇ ਹੋਰ ਮੁੱਦਿਆਂ ‘ਤੇ ਦੁਬਾਰਾ ਬਠਿੰਡਾ ਬੰਦ ਕਰਵਾਇਆ ਜਾਵੇਗਾ ਤੇ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।

ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ ਨੇ ਕਿਹਾ ਕਿ ਪ੍ਰਸ਼ਾਸਨ ਵਪਾਰੀ ਭਾਈਚਾਰੇ ਨੂੰ ਵਾਰ ਵਾਰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸਨੂੰ ਹੁਣ ਸਹਿਨ ਨਹੀਂ ਕੀਤਾ ਜਾਵੇਗਾ। ਸੋਨੂ ਮਹੇਸ਼ਵਰੀ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਤੋਂ ਵੱਡੀਆਂ ਉਮੀਦਾਂ ਸਨ, ਪਰ ਹੁਣ ਲੱਗ ਰਿਹਾ ਹੈ ਕਿ ਸਰਕਾਰ ਕੁਝ ਚੁਣਿੰਦਿਆਂ ਨੂੰ ਨਫਾ ਦੇਣ ਲਈ ਲੋਕ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਸੰਦੀਪ ਪਾਠਕ ਨੇ ਕਿਹਾ ਕਿ ਸਰਕਾਰ ਦੇ ਖਿਲਾਫ ਇੱਕ ਜਨ ਆੰਦੋਲਨ ਚਲਾਇਆ ਜਾਵੇਗਾ। ਮੀਡੀਆ ਪ੍ਰਭਾਰੀ ਸੰਦੀਪ ਅਗਰਵਾਲ ਨੇ ਕਿਹਾ ਕਿ ਵਿਧਾਇਕ, ਡਿਪਟੀ ਕਮਿਸ਼ਨਰ ਸਮੇਤ ਸਾਰੇ ਸੱਤਾਧਾਰੀ ਆਗੂਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਕਿਉਂਕਿ ਸਰਕਾਰ ਹਰ ਮੋਰਚੇ ‘ਤੇ ਫੇਲ ਹੋ ਚੁੱਕੀ ਹੈ ਤੇ ਲੋਕਾਂ ਵੱਲੋਂ ਨਕਾਰ ਦਿੱਤੀ ਗਈ ਹੈ। ਲੋਕਾਂ ਵਿੱਚ ਸਰਕਾਰ ਖਿਲਾਫ ਗੁੱਸਾ ਵਧ ਰਿਹਾ ਹੈ। ਸਰਕਾਰ ਤੁਰੰਤ ਇਹ ਫੈਸਲੇ ਵਾਪਸ ਲਏ ਅਤੇ ਲੋਕਾਂ ਨੂੰ ਰਾਹਤ ਦੇਵੇ। ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਵਪਾਰਿਕ ਵਿੰਗ ਦੇ ਵਿਨੋਦ ਕੁਮਾਰ, ਸਾਜਨ ਸ਼ਰਮਾ, ਬੱਗਾ ਸਿੰਘ, ਕਵਲਜੀਤ ਨੰਬਰਦਾਰ, ਡਾ. ਅਜੀਤ ਪਾਲ ਸਿੰਘ, ਯਸ਼ ਕਪੂਰ, ਸੁਰਿੰਦਰ ਚੌਧਰੀ, ਦੇਵੀ ਦਯਾਲ, ਰਵਿੰਦਰ ਗੁਪਤਾ, ਪੈਨਸ਼ਨਰ ਐਸੋਸੀਏਸ਼ਨ, ਮਹਿੰਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।