ਪਟਿਆਲਾ ਵਿਖੇ ਮੈਡੀਕਲ ਕਾਲਜ ਵਿੱਚ ਪੜ੍ਹਦਿਆਂ ਪੰਜਾਬ ਸਟੂਡੈਂਟ ਯੂਨੀਅਨ ਦੇ ਮੋਹਰੀ ਆਗੂਆਂ ਵਿੱਚ ਸੀ ਮੈਂ ਅਤੇ ਬਲਜਿੰਦਰ ਸਿੰਘ ਸੋਹਲl ਪਟਿਆਲਾ ਵਿਖੇ ਕਾਕਿਆਂ ਦੀ ਗੁੰਡਾਗਰਦੀ ਖਿਲਾਫ ਅਸੀਂ ਕਈ ਖਾੜਕੂ ਘੋਲ ਪਹਿਲਾਂ ਲੜ ਚੁੱਕੇ ਸਾਂ ਅਤੇ ਇਸ ਦੌਰਾਨ ਜੇਹਲ ਵੀ ਕੱਟਣੀ ਪੈ ਗਈ ਸੀ l ਪ੍ਰਿਥੀਪਾਲ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਮਸਤੂਆਣਾ ਵਿਖੇ ਪੰਜਾਬ ਸਟੂਡੈਂਟ ਯੂਨੀਅਨ (PSU) ਦੇ ਬਹੁਤ ਹੀ ਅਹਿਮ ਅਜਲਾਸ ਚ ਸ਼ਮੂਲੀਅਤ ਕਰਕੇ ਆਏ ਸਾਂ l ਥੋੜੇ ਅਰਸੇ ਦੇ ਵਕਫੇ ਨਾਲ ਹੀ ਐਮਰਜੈਂਸੀ ਦਾ ਐਲਾਨ ਹੋ ਗਿਆ ਅਤੇ ਸਾਡੀ 11 ਜਣਿਆਂ ਦੀ ਲਿਸਟ ਕਾਲਜ ਦੇ ਦਫਤਰ ਮੂਹਰੇ ਲਾ ਦਿੱਤੀ ਗਈ ਕਿ ਤੁਹਾਡੇ ਵਰੰਟ ਹਨ ਤੁਸੀਂ ਕੋਤਵਾਲੀ ਪਟਿਆਲਾ ਵਿੱਚ ਡੀਐਸਪੀ ਕੋਲ ਪੇਸ਼ ਹੋ ਜਾਵੋ l ਪਹਿਲਾਂ ਪੰਜ ਜਣਿਆਂ ਦੀ ਇੱਕ ਗਰੁੱਪ ਕੋਤਵਾਲੀ ਜਾ ਆਇਆ ਤਾਂ ਉਸ ਨੂੰ ਗੱਲਾਂ ਬਾਤਾਂ ਰਾਹੀਂ ਪੁੱਛ ਪਛਾ ਕੇ ਵਾਪਸ ਮੋੜ ਦਿੱਤਾ l ਉਹਨਾਂ ਦੀ ਇੱਛਾ ਦੂਜੇ ਆਗੂ ਨੂੰ ਪੇਸ਼ ਕਰਾਉਣ ਦੀ ਸੀ l ਇਸ ਲਈ ਅਗਲੇ ਜਥੇ ਵਿੱਚ ਅਸੀਂ ਤਿੰਨ ਜਣੇ ਗਏ ਉਦੋਂ ਇਹ ਫੈਸਲਾ ਸੀ ਕਿ ਬਲਜਿੰਦਰ ਸਿੰਘ ਸੋਹਲ ਨੂੰ ਪੇਸ਼ ਨਹੀਂ ਕਰਨਾ l ਸਾਡੇ ਤਿੰਨਾਂ ਵਿੱਚੋਂ ਦੋ ਜਣਿਆਂ ਤੋਂ ਮੁਆਫੀ ਲਿਖਵਾ ਕੇ ਉਹਨਾਂ ਨੂੰ ਵਾਪਸ ਕਾਲਜ ਭੇਜ ਦਿੱਤਾ ਗਿਆ ਤੇ ਮੈਨੂੰ ਕਾਲਾ ਕਨੂੰਨ ਡਿਫੈਂਸ ਆਫ ਇੰਡੀਆ ਰੂਲ (ਡੀਆਈਆਰ) ਲਾ ਕੇ ਨਜ਼ਰਬੰਦ ਕਰ ਦਿੱਤਾ ਗਿਆ l 96 ਘੰਟੇ ਵੱਖ-ਵੱਖ ਠਾਣੇ ਵਿੱਚ ਘੁਮਾਇਆ ਜਾਂਦਾ ਰਿਹਾ ਅਤੇ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਕਿ ਤਸ਼ਦਦ ਕੀਤਾ ਜਾਵੇਗਾ ਨਹੀਂ ਤਾਂ ਮੁਆਫੀ ਮੰਗ ਲਓ ਅਤੇ ਜੋ ਇਸ਼ਤਿਹਾਰ ਐਮਰਜੰਸੀ ਦੇ ਵਿਰੋਧ ਵਿੱਚ ਤੁਸੀਂ ਹਸਪਤਾਲ ਅਤੇ ਕਾਲਜ ਵਿੱਚ ਲਏ ਹਨ। ਉਹਨਾਂ ਦਾ ਵੀ ਪੂਰਾ ਦੱਸੋ ਕਿ ਕਿਸ ਨੇ ਲਾਏ ਹਨ ਪ੍ਰਿਥੀਪਾਲ ਕਿੱਥੇ ਹੈ ਇਹ ਵੀ ਦੱਸੋ ਅਤੇ ਜਦੋਂ ਅਸੀਂ ਤੁਹਾਨੂੰ ਇਥੋਂ ਛੱਡ ਸਕਦੇ ਹਾਂ ਤਾਂ ਤੁਸੀਂ ਸਾਨੂੰ ਬਾਅਦ ਵਿੱਚ ਸੂਚਨਾਵਾਂ ਦਿੰਦੇ ਰਹੋ ਜਾਨੀ ਮੁਖਬਰੀ ਕਰਨ ਲਈ ਤਿਆਰ ਹੋ ਜਾਓ l ਮੇਰੇ ਨਾਂਹ ਕਰਨ ਤੇ ਮੈਨੂੰ ਉਹਨਾਂ ਨੇ ਹੋਰ ਭੁੱਖੇ ਤਿਹਾਏ ਰੱਖਣ ਅਤੇ ਤਸਦਦ ਕਰਨ ਦਾ ਰਾਹ ਅਖਤਿਆਰ ਕਰ ਲਿਆ ਪੂਰੇ ਚਾਰ ਦਿਨਾਂ ਬਾਅਦ l ਉਹਨਾਂ ਨੇ ਅਦਾਲਤ ਮੈਨੂੰ ਅਦਾਲਤ ਚ ਪੇਸ਼ ਕੀਤਾ l ਜੱਜ ਸਾਹਮਣੇ ਮੈਂ ਆਪਣੀ ਵਕਾਲਤ ਆਪ ਕੀਤੀ ਤੇ ਖੁੱਲ ਕੇ ਪੁਲਿਸ ਦੀ ਲਾਹਭਾਹ ਕੀਤੀ l ਜੱਜ ਸਾਹਿਬ ਨੇ ਪੁਲਿਸ ਰਿਮਾਂਡ ਦੇਣ ਤੋਂ ਨਾਂਹ ਕਰ ਕੀਤੀ ਅਤੇ ਜਮਾਨਤ ਲਈ ਮੰਨ ਗਏ ਪਰ ਉਹਨਾਂ ਮੈਨੂੰ ਇੱਕ ਵਾਰ ਜੇਹਲ ਜਰੂਰ ਭੇਜ ਦਿੱਤਾ ਜਦੋਂ ਅਗਲੇ ਕੁੱਝ ਦਿਨਾਂ ਪਿੱਛੋਂ ਜਮਾਨਤ ਲਈ ਤਰੀਕ ਪਾਈ ਤਾਂ ਬਾਅਦ ਵਿੱਚ ਪਤਾ ਲੱਗ ਗਿਆ ਕਿ ਸੈਸ਼ਨ ਜੱਜ ਵੱਲੋਂ ਉਹਨਾਂ ਨੂੰ ਮੈਨੂੰ ਦਿੱਤੀ ਹੋਈ ਜਮਾਨਤ ਤੋਂ ਰੋਕ ਦਿੱਤਾ,ਕਿਉਂਕਿ ਉਹਨਾਂ ਕੋਲ ਜਮਾਨਤ ਕਰਨ ਦੀ ਪਾਵਰ ਹੈ ਹੀ ਨਹੀਂ ਸੀ ਤੇ ਇਸ ਲਈ ਮੈਨੂੰ ਦੁਬਾਰਾ ਵਰੰਟ ਕੱਢ ਕੇ ਪੇਸ਼ ਹੋਣ ਲਈ ਕਹਿ ਦਿੱਤਾ ਗਿਆ l
ਮੈਂ ਇਮਤਿਹਾਨ ਦੇਣੇ ਸਨ ਪਰ ਇਮਤਿਹਾਨ ਦੌਰਾਨ ਹੀ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ ਵਿੱਚ ਜੇਲ ਤੋਂ ਇੰਟੈਰਮ ਬੇਲ ਤੇ ਮੈਂ ਇਹ ਇਮਤਿਹਾਨ ਦਿੱਤੇ ਇਹ ਫਾਈਨਲ ਦਾ ਇਮਤਿਹਾਨ ਸੀ l ਇਮਤਿਹਾਨ ਖਤਮ ਹੁੰਦਿਆਂ ਹੀ ਫੇਰ ਅਦਾਲਤ ਵਿੱਚ ਪੇਸ਼ ਹੋਣਾ ਪਿਆ ਤੇ ਪੱਕੀ ਜਮਾਨਤ ਲਈ ਅਰਜੀ ਦੇਣੀ ਪਈ l ਜਿੰਨਾ ਚਿਰ ਜੇਲ ਵਿੱਚ ਰਿਹਾ ਉਥੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਪ੍ਰਕਾਸ਼ ਸਿੰਘ ਬਾਦਲ, ਗੁਚਰਨ ਸਿੰਘ ਟੌਹੜਾ, ਜਨਤਾ ਪਾਰਟੀ ਦੀ ਲੀਡਰਸ਼ਿਪ ਵਿੱਚੋਂ ਹਿੱਤ ਅਬਲਾਸ਼ੀ, ਕਾਂਗਰਸ ਵਿੱਚੋਂ ਚੰਦਰਸ਼ੇਖਰ ਉੱਥੇ ਬੰਦ ਕੀਤੇ ਹੋਏ ਸਨ। ਚੰਦਰਸ਼ੇਖਰ ਹੋਰਾਂ ਨੂੰ ਇੱਕ ਵੱਖਰਾ ਹਾਤਾ ਅਲਾਟ ਕਰਕੇ ਉਹਨਾਂ ਲਈ ਵਿਸ਼ੇਸ਼ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਸਨ, ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਪ੍ਰੇਮ ਸਿੰਘ ਚੰਦੂਮਾਜਰਾ ਵੀ ਉੱਥੇ ਹੀ MISA ਤਹਿਤ ਬੰਦ ਸਨ l ਸਾਨੂੰ ਉੱਥੇ ਭਿੱਖੀ ਤੇ ਛਾਜਲੀ ਇਲਾਕੇ ਦੇ ਦੋ ਅਜਿਹੇ ਪੱਕੇ ਕੈਦੀ ਤੇ ਰਜਦੇ ਪੁੱਜਦੇ ਘਰਾਂ ਦੇ ਦੋ ਜਣੇ ਮਿਲ ਗਏ ਜਿੰਨਾ ਸਾਨੂੰ ਵਿਸ਼ੇਸ਼ ਸ਼ਾਬਾਸ਼ ਤਾਂ ਦਿੱਤੀ ਹੀ, ਖਿਆਲ ਵੀ ਬਹੁਤ ਰੱਖਿਆ ਤੇ ਹੌਸਲਾ ਵੀ ਦਿੱਤਾ l ਘਰ ਦੇ ਘਬਰਾ ਗਏ ਸੀ l ਉਹਨਾਂ ਨੂੰ ਵੀ ਉਹਨਾਂ ਨੇ ਸਮਝਾਇਆ ਅਤੇ ਕਿਹਾ ਕਿ ਤੁਸੀਂ ਜਮਾਨਤ ਦੀ ਜਾਂ ਕਿਸੇ ਕਿਸਮ ਦੀ ਚਿੰਤਾ ਨਾ ਕਰੋ ਅਸੀਂ ਆਪੇ ਕਰਾਂਗੇ ਇਹ ਸਾਰੇ ਕੁਝ ਦੀਆਂ ਯਾਦਾਂ ਅੱਜ ਫੇਰ ਜਹਿਨ ਵਿੱਚ ਤਾਜ਼ਾ ਹੋ ਜਾਂਦੀਆਂ ਹਨ ਜਦੋਂ ਐਮਰਜਂਸੀ ਦਾ ਦਿਨ ਆਉਂਦਾ ਹੈ l ਜਮਾਨਤ ਹੋਣ ਪਿੱਛੋਂ ਆਪਣੀ ਇੰਟਰਨਸ਼ਿਪ ਪੂਰੀ ਕਰਨ ਲਈ ਪਹਿਲਾਂ ਬਠਿੰਡਾ ਸਿਵਲ ਹਸਪਤਾਲ ਫਿਰ ਪਟਿਆਲਾ ਰਜਿੰਦਰਾ ਕਾਲਜ ਅਤੇ ਅੰਤ ਵਿੱਚ ਨਾਭੇ ਦੀ ਸਿਵਲ ਹਸਪਤਾਲ ਵਿੱਚ ਮੈਂ ਜਾ ਟਿਕਾਣਾ ਬਣਾਇਆ l ਉਥੇ ਪੰਜਾਬ ਸਟੂਡੈਂਟ ਯੂਨੀਅਨ ਪਬੰਦੀਸ਼ੁਦਾ ਹੋਣ ਕਰਕੇ ਸ਼ਹੀਦੀ ਯਾਦਗਾਰ ਕਮੇਟੀ ਦੇ ਨਾਂ ਹੇਠ ਇੱਕ ਟੀਮ ਰਾਹੀਂ ਜੋਰ ਸ਼ੋਰ ਨਾਲ ਕੰਮ ਕਰ ਰਹੀ ਸੀ, ਇਸ ਵਿੱਚ ਮਾਲੀ, ਜੋਗੀ, ਪਟਵਾਰੀ ਤੇ (ਬਰਜਿੰਦਰ ਸੋਹਲ ਵੀ ਨਾਲ ਸਹਾਇਕ ਵਜੋਂ) ਸਰਗਰਮ ਸਨ l ਮੈਂ ਉਸ ਟੀਮ ਦੇ ਨਾਲ ਸਹਾਇਕ ਵਜੋਂ ਅਸਿੱਧੇ ਰੂਪ ਵਿੱਚ ਜੁੜ ਗਿਆ ਅਤੇ ਐਮਰਜੈਂਸੀ ਹਟਾਏ ਜਾਣ ਤੱਕ ਪੀਐਸਯੂ ਨਾਲ ਕੰਮ ਜਾਰੀ ਰੱਖਿਆ l ਬਾਅਦ ਵਿੱਚ ਪਤਾ ਲੱਗਿਆ ਕਿ ਜੋ ਐਮਬੀਬੀਐਸ ਦਾ ਸਰਟੀਫਿਕੇਟ ਮੈਨੂੰ ਮਿਲਿਆ ਉਸ ਤੇ ਮੇਰੇ ਕਰੈਕਟਰ ਨੂੰ ਸਟੂਡੈਂਟ ਲੀਡਰ ਹੋਣ ਅਤੇ ਜੇਲ ਜਾਣ ਕਰਕੇ unsatisfactory ਲਿਖ ਦਿੱਤਾ ਗਿਆ ਜੋ ਨੌਕਰੀ ਲੈਣ ਵਿੱਚ ਅੜਿਕਾ ਤਾਂ ਉਵੇਂ ਨਹੀਂ ਬਣਿਆ ਪਰ ਇਹ ਪ੍ਰਸ਼ਾਸਨ ਦੀ ਧੱਕੇਸ਼ਾਹੀ ਦਾ ਸਬੂਤ ਜਰੂਰ ਸੀ l
ਅਜੋਕੇ ਸਮੇਂ ਦੀ ਹਕੂਮਤ ਵੱਲੋਂ ਐਮਰਜੈਂਸੀ ਭਾਵੇਂ ਅਣਐਲਾਨੀ ਹੈ ਪਰ ਜਮਹੂਰੀ ਤੇ ਸੰਵਿਧਾਨਿਕ ਅਧਿਕਾਰ ਉਸ ਤੋਂ ਵੀ ਕਿਤੇ ਵੱਧ ਖੋਹ ਲਏ ਗਏ ਹਨ ਜੋ 1975 ਵਿੱਚ ਹਕੂਮਤ ਵਲੋਂ ਖੋਹੇ ਗਏ ਸਨ l
ਡਾ.ਅਜੀਤਪਾਲ ਸਿੰਘ ਐਮਡੀ
