ਯੂਨੀਅਨ ਵੱਲੋਂ ਡੀ ਸੀ ਦਫ਼ਤਰ ਅੱਗੇ ਧਰਨਾ, ਐਫ ਆਰ ਐਸ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ
ਤਰਨਤਾਰਨ, 11 ਜੁਲਾਈ :
ਸਰਕਾਰ ਵੱਲੋਂ ਐਫਆਰਐਸ ਲਈ ਆਂਗਣਵਾੜੀ ਵਰਕਰਾਂ ਉਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। ਸਰਕਾਰ ਨੇ ਇਕ ਹੋਰ ਹੱਥ ਕੰਡਾ ਵਰਤਦੇ ਹੋਏ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਅਨੂਪ ਕੌਰ ਦੀਆਂ ਸੇਵਾਵਾਂ ਖਤਮ ਕਰਨ ਦੇ ਹੁਕਮ ਜਾਰੀ ਕਰ ਦਿੱਤਾ। ਤਰਨਤਾਰਨ ਦੀ ਆਗੂ ਅਨੂਪ ਕੌਰ ਦੀਆਂ ਸੇਵਾਵਾਂ ਖਤਮ ਕਰਨ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਤਰਨ ਤਾਰਨ ਵੱਲੋਂ ਜਾਰੀ ਕੀਤਾ ਗਿਆ। ਜਿਸ ਦੇ ਵਿਰੋਧ ਵਿੱਚ ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਜ਼ਿਲ੍ਹਾ ਆਗੂ ਬੇਅੰਤ ਕੌਰ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਉਤੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ, ਸੂਬਾ ਸਕੱਤਰ ਸੁਭਾਸ਼ ਰਾਣੀ, ਜੁਆਇੰਟ ਸਕੱਤਰ ਗੁਰਦੀਪ ਕੌਰ, ਸੀਨੀਅਰ ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ, ਮਨਦੀਪ ਕੁਮਾਰੀ ਪਹੁੰਚੀ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਆਗੂਆਂ ਨੇ ਕਿਹਾ ਕਿ ਸਰਕਾਰ ਧੱਕੇਸ਼ਾਹੀ ਨਾਲ ਆਂਗਣਵਾੜੀ ਵਰਕਰਾਂ ਉਤੇ ਐਫਆਰਐਸ ਈ ਕੇਵਾਈਸੀ ਕਰਨ ਦਾ ਦਬਾਅ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 2018 ਤੋਂ ਇਸ ਕੰਮ ਲਈ ਆਂਗਣਵਾੜੀ ਵਰਕਰਾਂ ਨੂੰ ਮੋਬਾਇਲ ਦੇਣੇ ਸਨ, ਪਰ ਬੁਰੀ ਤਰ੍ਹਾਂ ਫੇਲ੍ਹ ਰਹੀ ਹੈ। ਜਦੋਂ ਕੇਂਦਰ ਵੱਲੋਂ ਇਨ੍ਹਾਂ ਮੋਬਾਇਲਾਂ ਵਾਸਤੇ ਬਣਾ ਹਿੱਸਾ ਭੇਜਿਆ ਜਾ ਚੁੱਕਿਆ। ਆਗੂਆਂ ਨੇ ਕਿਹਾ ਕਿ ਸਰਕਾਰ ਬਣਦਾ ਹੱਕ ਤਾਂ ਇਹ ਸੀ ਕਿ ਸਟੇਟ ਪੱਧਰ ਜਿਹੜੇ ਅਧਿਕਾਰੀ ਅੱਜ ਮੋਬਾਇਲ ਉਪਲੱਬਧ ਨਹੀਂ ਕਰਵਾ ਸਕੇ, ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰਦੀ, ਉਲਟਾਂ ਆਂਗਣਵਾੜੀ ਵਰਕਰਾਂ ਨੂੰ ਦੋਸ਼ੀ ਬਣਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਉਹ ਆਪਣੇ ਨਿੱਜੀ ਮੋਬਾਇਲਾਂ ਨਾਲ ਸਰਕਾਰ ਦਾ ਇਹ ਕੰਮ ਨਹੀਂ ਕਰਨਗੀਆਂ, ਕਿਉਂ ਕਿ ਲੋਕਾਂ ਦੀ ਨਿੱਜੀ ਸੁਰੱਖਿਆ ਦਾ ਵੀ ਮਸਲਾ ਹੈ। ਆਗੂਆਂ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਵੱਲੋਂ ਉਦੋਂ ਤੱਕ ਐਫ ਆਰ ਐਸ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਮੋਬਾਇਲ ਨਹੀਂ ਦਿੱਤੇ ਜਾਂਦੇ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਧਰਨੇ ਉਤੇ ਪਹੁੰਚ ਕੇ ਯੂਨੀਅਨ ਨੂੰ ਵਿਸਵਾਸ਼ ਦਿੱਤਾ ਕਿ ਅਨੂਪ ਕੌਰ ਦੀਆਂ ਸੇਵਾਵਾਂ ਖਤਮ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਰਾਹੀਂ ਐਫ ਆਰ ਐਸ ਦੇ ਕੰਮ ਲਈ ਸਹਿਮਤੀ ਪ੍ਰਾਪਤ ਕਰਨ ਲਈ ਕਿਹਾ ਗਿਆ ਸੀ। ਪੱਤਰ ਵਿੱਚ ਅਨੂਪ ਕੌਰ ਵਰਕਰ ਬਲਾਕ ਭਿੱਖੀਵਿੰਡ ਸੈਂਟਰ ਪਿੰਡ ਬਲੇਰ ਦੀਆਂ ਸੇਵਾਵਾਂ ਖਤਮ ਕਰਨ ਸਬੰਧੀ ਕੋਈ ਆਦੇਸ਼ ਨਹੀਂ ਦਿੱਤੇ ਸਨ।