ਚੰਡੀਗੜ੍ਹ, 8 ਅਗਸਤ, ਦੇਸ਼ ਕਲਿੱਕ ਬਿਓਰੋ :
ਪੰਜਾਬ ਵਿੱਚ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਬੱਸਾਂ ਦਾ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰ ਕਰ ਦਿੱਤਾ ਗਿਆ ਹੈ। ਰੱਖੜੀ ਦੇ ਤਿਉਂਹਾਰ ਤੋਂ ਪਹਿਲਾਂ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਕਰਨ ਨਾਲ ਔਰਤਾਂ ਨੂੰ ਆਉਣ ਜਾਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਪੈ ਸਕਦਾ ਹੈ। ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਕਿ ਸ਼ੁੱਕਰਵਾਰ ਦੁਪਹਿਰ ਤੱਕ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਵੱਲੋਂ ਚੱਕਾ ਜਾਮ ਕੀਤਾ ਜਾਵੇਗਾ। ਜਦੋਂ ਹੀ ਅਲਟੀਮੇਟਮ ਦਾ ਸਮਾਂ ਖਤਮ ਹੋਇਆ ਤਾਂ ਸੂਬੇ ਦੇ ਸਾਰੇ 27 ਡਿੱਪੂਆਂ ’ਚ ਠੇਕਾ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਮੁਲਾਜ਼ਮਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਕਿਲੋਮੀਟਰ ਸਕੀਮ ਤਹਿਤ ਬੱਸਾਂ ਚਲਾਉਣ ਲਈ ਕੱਢਿਆ ਜਾਣ ਵਾਲੇ ਟੈਂਡਰ ਰੱਦ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਇਹ ਚੱਕਾ ਜਾਮ ਉਦੋਂ ਹੀ ਖੋਲ੍ਹਿਆ ਜਾਵੇਗਾ ਜਦੋਂ ਪੰਜਾਬ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਕਰਨ ਤੇ ਉਨ੍ਹਾਂ ਨਾਲ 1 ਸਾਲ 1 ਮਹੀਨੇ ਪਹਿਲਾਂ ਕੀਤੇ ਗਏ ਵਾਅਦੇ ਮੁਤਾਬਕ ਮੁੱਖ 7 ਮੰਗਾਂ ਮੰਨਣ ਲਈ ਪੱਤਰ ਜਾਰੀ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਯੂਨੀਅਨ ਨੇ ਗੇਟ ਰੈਲੀਆ ਬਾਰੇ ਟਰਾਂਸਪੋਰਟ ਵਿਭਾਗ ਤੇ ਪੰਜਾਬ ਸਰਕਾਰ ਨੂੰ ਨੋਟਿਸ ਦੇ ਦਿੱਤਾ ਹੈ। ਆਗੂਆਂ ਨੇ ਕਿਹਾ ਸਰਕਾਰ ਨੇ ਜਾਣਬੁੱਝ ਕੇ ਟੈਂਡਰ ਲਾਉਣ ਲਈ ਰੱਖੜੀ ਦਾ ਤਿਉਹਾਰ ਚੁਣਿਆ ਹੈ। ਇਸ ਨਾਲ ਚੱਕਾ ਜਾਮ ਹੋਣ ’ਤੇ ਰੱਖੜੀ ਬੰਨ੍ਹਣ ਵਾਲੀਆ ਭੈਣਾਂ ਤੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।



