ਗ੍ਰਾਮ ਪੰਚਾਇਤ ਧੁਲੇਤਾ ਵੱਲੋਂ ਸਰਬਸੰਮਤੀ ਨਾਲ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਦੇ ਨਿਰਮਾਣ ਲਈ ਮਤਾ ਪਾਸ
ਫਿਲੌਰ (ਜਲੰਧਰ), 21 ਸਤੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਦੇ ਦਖ਼ਲ ਨਾਲ ਪਿੰਡ ਧੁਲੇਤਾ ਦਾ ਜ਼ਮੀਨੀ ਵਿਵਾਦ ਸੁਲਝ ਗਿਆ ਹੈ।
ਚੇਅਰਮੈਨ ਜਸਵੀਰ ਸਿੰਘ ਗੜ੍ਹੀ ਜ਼ਮੀਨੀ ਵਿਵਾਦ ਨੂੰ ਸੁਲਝਾਉਣ ਲਈ ਸ਼ਨੀਵਾਰ ਨੂੰ ਪਿੰਡ ਧੁਲੇਤਾ ਪੁੱਜੇ ਸਨ, ਜਿਥੇ ਪਹਿਲਾਂ ਉਨ੍ਹਾਂ ਮੌਕੇ ਦਾ ਜਾਇਜ਼ਾ ਲਿਆ। ਉਪਰੰਤ ਪਿੰਡ ਦੀ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ ਜੀ, ਮੋਹਤਬਰ ਵਿਅਕਤੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਸਾਰੀਆਂ ਧਿਰਾਂ ਦਾ ਪੱਖ ਜਾਣਿਆ। ਉਨ੍ਹਾਂ ਸਾਰੀਆਂ ਧਿਰਾਂ ਨੂੰ ਪਿੰਡ ਦੇ ਭਾਈਚਾਰੇ ਅਤੇ ਸਾਂਝ ਦੇ ਮੱਦੇਨਜ਼ਰ ਆਪਸੀ ਸਹਿਮਤੀ ਨਾਲ ਇਸ ਮਾਮਲੇ ਨੂੰ ਹੱਲ ਕਰਨ ਲਈ ਪ੍ਰੇਰਿਤ ਕੀਤਾ।
ਚੇਅਰਮੈਨ ਸ. ਗੜ੍ਹੀ ਦੇ ਯਤਨਾਂ ਸਦਕਾ ਪਿੰਡ ਧੁਲੇਤਾ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦੇ ਜ਼ਮੀਨੀ ਵਿਵਾਦ ਸਬੰਧੀ ਪਿੰਡ ਦੀ ਪੰਚਾਇਤ, ਮੋਹਤਬਰ ਵਿਅਕਤੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਦੀ ਉਸਾਰੀ, ਜੋ ਕਿ ਪਿਛਲੇ ਦਿਨੀਂ ਵਿਵਾਦਾਂ ਵਿੱਚ ਆ ਗਈ ਸੀ, ਦਾ ਪੂਰਨ ਤੌਰ ’ਤੇ ਨਿਪਟਾਰਾ ਕਰਨ ਲਈ ਗ੍ਰਾਮ ਪੰਚਾਇਤ ਧੁਲੇਤਾ ਵੱਲੋਂ ਸਰਬਸੰਮਤੀ ਨਾਲ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਦੇ ਨਿਰਮਾਣ ਲਈ ਮਤਾ ਪਾਸ ਕੀਤਾ ਗਿਆ।
ਇਸ ਦੇ ਨਾਲ ਹੀ ਗ੍ਰਾਮ ਪੰਚਾਇਤ ਧਲੇਤਾ ਵੱਲੋਂ ਕਾਰਵਾਈ ਰਜਿਸਟਰ ਅਤੇ ਮਤਿਆਂ ਵਿੱਚ ਆਈਆਂ ਤਕਨੀਕੀ ਕਮੀਆਂ ਨੂੰ ਦੇਖਦੇ ਹੋਏ, ਜਿਸ ਕਾਰਨ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਦਾ ਵਿਵਾਦ ਖੜ੍ਹਾ ਹੋਇਆ, ਸਬੰਧੀ ਪੰਚਾਇਤ ਸਕੱਤਰ ਸੁਰਜੀਤ ਸਿੰਘ ਦੀ ਤੁਰੰਤ ਪ੍ਰਭਾਵ ਨਾਲ ਬਦਲੀ ਕਰਨ ਦੇ ਸੁਝਾਅ ਵਿਭਾਗ ਨੂੰ ਦਿੱਤੇ ਗਏ।
ਇਸ ਤੋਂ ਇਲਾਵਾ ਇਸ ਕਮਿਊਨਿਟੀ ਹਾਲ ਦੇ ਜ਼ਮੀਨ ਸਬੰਧੀ ਵਿਵਾਦ ਦੇ ਪੱਕੇ ਤੌਰ ’ਤੇ ਹੱਲ ਲਈ ਖਸਰਾ ਨੰ. ਵਿੱਚ ਜ਼ਮੀਨ ਦੀ ਨਾਮ ਤਬਦੀਲੀ ਦਾ ਮਤਾ ਪਾਇਆ ਗਿਆ।
ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਭਾਈਚਾਰੇ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ ਦੀ ਰੱਖਿਆ ਲਈ ਅਨੁਸੂਚਿਤ ਜਾਤੀਆਂ ਕਮਿਸ਼ਨ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਮ ਦੀ ਕੋਈ ਵਧੀਕੀ ਸਾਹਮਣੇ ਆਉਂਦੀ ਹੈ, ਤਾਂ ਕਮਿਸ਼ਨ ਵੱਲੋਂ ਸਖ਼ਤ ਕਾਰਵਾਈ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰੇਕ ਵਰਗ ਦੇ ਨਾਲ ਖੜ੍ਹੀ ਹੈ ਅਤੇ ਹਰੇਕ ਭਾਈਚਾਰੇ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਐਸ.ਡੀ.ਐਮ. ਪਰਲੀਨ ਕੌਰ ਬਰਾੜ, ਡੀ.ਐਸ.ਪੀ. ਐਸ.ਐਸ.ਬੱਲ, ਡਿਪਟੀ ਸੀ.ਈ.ਓ. ਜ਼ਿਲ੍ਹਾ ਪ੍ਰੀਸ਼ਦ ਸੁਖਬੀਰ ਕੌਰ, ਤਹਿਸੀਲਦਾਰ ਮਨਦੀਪ ਸਿੰਘ, ਬੀ.ਡੀ.ਪੀ.ਓ. ਜਸਜੀਤ ਕੌਰ, ਸਰਪੰਚ ਸੁਖਬੀਰ ਸਿੰਘ ਸੁੱਖੀ, ਪੰਚ ਜਸਵੀਰ ਰਾਮ ਵਿਰਦੀ, ਧਰਮਪਾਲ ਵਿਰਦੀ ਤੇ ਮਨਜੀਤ ਕੌਰ ਅਤੇ ਸਕੱਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ ਜੀ ਬਹਾਦਰ ਰਾਮ ਤੇ ਅਮਰਜੀਤ ਕੇਲੇ ਵੀ ਮੌਜੂਦ ਸਨ।