ਮੋਰਿੰਡਾ 5 ਅਕਤੂਬਰ (ਭਟੋਆ)
ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਵੱਲੋਂ ਸੂਬਾ ਕਮੇਟੀ ਦੀ ਮੀਟਿੰਗ ਕੀਤੀ ਗਈ ,ਜਿਸ ਦੌਰਾਨ ਮੁਖ ਕਾਰਜਕਾਰੀ ਅਫਸਰ ਵੱਲੋਂ 09 ਅਕਤੂਬਰ ਨੂੰ ਜਥੇਬੰਦੀ ਨਾਲ ਮੀਟਿੰਗ ਕਰਨ ਲਈ ਸਮਾਂ ਦੇਣ ਉਪਰੰਤ 06 ਅਕਤੂਬਰ ਨੂੰ ਨਿਗਰਾਨ ਇੰਜੀਨੀਅਰ ਦਫ਼ਤਰ ਬਠਿੰਡਾ ਦਾ ਧਰਨਾ ਮੁਲਤਵੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ ਸਨ। ਜਿਵੇਂ ਕਿ ਮੌੜ ਮੰਡੀ ਦੇ ਵਰਕਰਾਂ ਦੇ ਰੁਜਗਾਰ ਨੂੰ ਬਹਾਲ ਕਰਵਾਉਣ ਲਈ ਨਿਗਰਾਨ ਇੰਜੀਨੀਅਰ ਦਫ਼ਤਰ ਬਠਿੰਡਾ ਵਿਖੇ ਧਰਨਾ ਦੇਣ ਲਈ ਸਮੁੱਚੇ ਪੰਜਾਬ ਵਿੱਚ ਮੀਟਿੰਗਾਂ ਕੀਤੀਆਂ ਗਈਆਂ,। ਯੂਨੀਅਨ ਆਗੂ ਨੇ ਦੱਸਿਆ ਕਿ ਵਰਕਰਾਂ ਵਿੱਚ ਇਸ ਗੱਲ ਦਾ ਰੋਸ ਹੈ ਕਿ ਸਰਕਾਰ ਇੱਕ ਪਾਸੇ ਰੁਜ਼ਗਾਰ ਦੇਣ ਦੇ ਵੱਡੇ ਵੱਡੇ ਬੋਰਡ ਲਗਾ ਰਹੀ ਹੈ ,ਪਰ ਦੂਜੇ ਪਾਸੇ ਆਊਟਸੋਰਸ ਵਰਕਰਜ ਯੂਨੀਅਨ ਦੇ ਵਰਕਰਾਂ ਨੂੰ ਮਹਿਕਮੇਂ ਵਿੱਚ ਮਰਜ਼ ਕਰਕੇ ਰੈਗੂਲਰ ਕਰਨ ਦੀ ਬਜਾਏ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁਟਿਆ ਜਾ ਰਿਹਾ ਹੈ।। ਉਨਾ ਦੱਸਿਆ ਕਿ ਮੌੜ ਮੰਡੀ ਦੇ ਵਰਕਰਾਂ ਦੇ ਰੁਜਗਾਰ ਦੀ ਬਹਾਲੀ ਸਬੰਧੀ ਯੂਨੀਅਨ ਵੱਲੋ 6 ਅਕਤੂਬਰ ਨੂੰ ਧਰਨਾ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਗਿਆ ਸੀ, ਪਰੰਤੂ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਹੈੱਡ ਆਫ਼ਿਸ ਚੰਡੀਗੜ੍ਹ ਤੋਂ ਮੁਖ ਕਾਰਜਕਾਰੀ ਅਫਸਰ ਵੱਲੋਂ ਯੂਨੀਅਨ ਨਾਲ 09 ਅਕਤੂਬਰ ਨੂੰ ਮੀਟਿੰਗ ਦਾ ਸੱਦਾ ਦਿੱਤ ਗਿਆ ਹੈ , ਜਿਸ ਕਾਰਨ ਯੂਨੀਅਨ ਨੇ 6 ਅਕਤੂਬਰ ਦੇ ਧਰਨੇ-ਪ੍ਰਦਰਸ਼ਨ ਨੂੰ ਮੁਲਤਵੀ ਕਰ ਦਿੱਤਾ ਹੈਂ। ਯੂਨੀਅਨ ਆਗੂ ਨੇ ਦੱਸਿਆ ਕਿ
ਜੇਕਰ ਮੁੱਖ ਕਾਰਜਕਾਰੀ ਅਫਸਰ 9 ਅਕਤੂਬਰ ਦੀ ਮੀਟਿੰਗ ਵਿੱਚ ਮੰਗਾਂ ਦਾ ਪੱਕੇ ਤੌਰ ਤੇ ਨਿਪਟਾਰਾ ਨਹੀਂ ਕਰਦੇ ਤਾਂ ਯੂਨੀਅਨ ਵੱਲੋਂ ਮਜਬੂਰਨ ਤਿੱਖਾ ਸੰਘਰਸ਼ ਸ਼ੁਰੂ ਕਰਨਾ ਪਵੇਗਾ, ਜਿਸ ਤਹਿਤ ਨਿਗਰਾਨ ਇੰਜੀਨੀਅਰ ਬਠਿੰਡਾ ਦੇ ਦਫ਼ਤਰ ਮੂਹਰੇ ਧਰਨਾ ਲਗਾਇਆ ਜਾਵੇਗਾ।ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਦੀ ਹੋਵੇਗੀ।