11 ਐਫ ਆਈ ਆਰ ਦਰਜ, 1.15 ਕਰੋੜ ਰੁਪਏ ਦੀ ਧੋਖਾਧੜੀ ਦਾ ਪਰਦਾਫਾਸ਼
ਮੋਹਾਲੀ, 5 ਅਕਤੂਬਰ: ਦੇਸ਼ ਕਲਿੱਕ ਬਿਓਰੋ
ਅਣਅਧਿਕਾਰਤ ਇਮੀਗ੍ਰੇਸ਼ਨ ਗਤੀਵਿਧੀਆਂ ਵਿਰੁੱਧ ਇੱਕ ਵੱਡੀ ਕਾਰਵਾਈ ਵਿੱਚ, ਮੋਹਾਲੀ ਪੁਲਿਸ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਏਜੰਟਾਂ ਅਤੇ ਬਿਨਾਂ ਲਾਇਸੈਂਸਾਂ ਤੋਂ ਕੰਮ ਕਰਨ ਵਾਲੀਆਂ ਏਜੰਸੀਆਂ ਵਿਰੁੱਧ 11 ਐਫ ਆਈ ਆਰ ਦਰਜ ਕੀਤੀਆਂ ਹਨ।
ਜਾਣਕਾਰੀ ਸਾਂਝੀ ਕਰਦੇ ਹੋਏ, ਐਸ ਐਸ ਪੀ ਹਰਮਨਦੀਪ ਸਿੰਘ ਹਾਂਸ, ਨੇ ਦੱਸਿਆ ਕਿ ਇਹ ਕਾਰਵਾਈ ਡੀ ਐਸ ਪੀ (ਜਾਂਚ) ਜਤਿੰਦਰ ਸਿੰਘ ਚੌਹਾਨ ਦੀ ਨਿਗਰਾਨੀ ਹੇਠ ਅਤੇ ਜ਼ਿਲ੍ਹਾ ਪੁਲਿਸ ਦੇ ਮਾਨਵੀ ਤਸਕਰੀ ਵਿਰੋਧੀ ਯੂਨਿਟ ਦੇ ਇੰਚਾਰਜ ਇੰਸਪੈਕਟਰ ਜਸਕਮਲ ਸਿੰਘ ਸੇਖੋਂ ਦੀ ਅਗਵਾਈ ਹੇਠ ਕੀਤੀ ਗਈ ਹੈ।
ਇਸ ਕਾਰਵਾਈ ਦੇ ਨਤੀਜੇ ਵਜੋਂ, ਅਜਿਹੇ ਏਜੰਟਾਂ/ਏਜੰਸੀਆਂ ਵਿਰੁੱਧ 11 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ ਜੋ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਧੋਖਾ ਦੇ ਰਹੇ ਸਨ। ਐਸ ਐਸ ਪੀ ਮੋਹਾਲੀ ਨੇ ਅੱਗੇ ਦੱਸਿਆ ਕਿ ਹਾਲ ਹੀ ਦੀ ਜਾਂਚ ਦੌਰਾਨ, ਐਸ ਏ ਐਸ ਨਗਰ ਵਿੱਚ ਵੈਲਿਡ ਲਾਇਸੈਂਸਾਂ ਤੋਂ ਬਿਨਾਂ ਕੰਮ ਕਰਨ ਵਾਲੇ ਕਈ ਅਣਅਧਿਕਾਰਤ ਇਮੀਗ੍ਰੇਸ਼ਨ ਸਲਾਹਕਾਰਾਂ ਅਤੇ ਸੰਸਥਾਵਾਂ ਦੇ ਨਾਮ ਸਾਹਮਣੇ ਆਏ ਹਨ। ਇਨ੍ਹਾਂ ਸੰਸਥਾਵਾਂ ਖ਼ਿਲਾਫ਼ ਬੀ ਐਨ ਐਸ ਦੀਆਂ ਵੱਖ-ਵੱਖ ਧਾਰਾਵਾਂ; 316(2), 318(4), 61(2) ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਕੁੱਲ ਸਾਹਮਣੇ ਆਈ ਧੋਖਾਧੜੀ ਲਗਭਗ 1.15 ਕਰੋੜ ਰੁਪਏ ਦੀ ਹੈ, ਜਿਸ ਵਿੱਚ ਕਈ ਭੋਲੇ ਭਾਲੇ ਨਾਗਰਿਕਾਂ ਅਤੇ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਨਾਲ ਧੋਖਾਧੜੀ ਸ਼ਾਮਲ ਹੈ।
ਇਨ੍ਹਾਂ ਵਿੱਚ ਸ਼ਾਮਲ ਪਾਏ ਗਏ ਕੁਝ ਪ੍ਰਮੁੱਖ ਏਜੰਟਾਂ/ਏਜੰਸੀਆਂ ਵਿੱਚ ਨੈਕਸਸ ਅਕੈਡਮੀ, ਵੀ ਆਈ ਪੀ ਰੋਡ, ਜ਼ੀਰਕਪੁਰ (ਆਇਲਟਸ/ਪੀ ਟੀ ਈ), ਬੈਸਟ ਟ੍ਰੈਵਲ ਏਜੰਸੀ, ਰਾਇਲ ਗੇਟਵੇ ਆਫ਼ ਮਾਈਗ੍ਰੇਸ਼ਨ, ਐਸ ਸੀ ਓ 17, ਪਹਿਲੀ ਮੰਜ਼ਿਲ, ਫੇਜ਼-1, ਮੋਹਾਲੀ, ਐਸ ਸੀ ਐਫ 1, ਪਹਿਲੀ ਮੰਜ਼ਿਲ, ਫੇਜ਼-5, ਮੋਹਾਲੀ ਅਤੇ ਐਸ ਸੀ ਓ 523-524, ਐਸ ਏ ਐਸ ਨਗਰ ਸ਼ਾਮਲ ਹਨ।
ਐਸ ਐਸ ਪੀ ਹੰਸ ਨੇ ਕਿਹਾ ਕਿ ਮੋਹਾਲੀ ਪੁਲਿਸ ਨੇ ਇਹ ਮਾਮਲੇ ਦਰਜ ਕਰਕੇ ਅਤੇ ਸਖ਼ਤ ਕਾਨੂੰਨੀ ਕਾਰਵਾਈ ਸ਼ੁਰੂ ਕਰਕੇ ਨਾਗਰਿਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਉਨ੍ਹਾਂ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਮੀਗ੍ਰੇਸ਼ਨ ਲਈ ਸਿਰਫ਼ ਕਾਨੂੰਨੀ ਰਸਤੇ ਅਪਨਾਉਣ ਅਤੇ ਅਣਅਧਿਕਾਰਤ ਏਜੰਟਾਂ ਤੋਂ ਸਾਵਧਾਨ ਰਹਿਣ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸ਼ੱਕੀ ਜਾਂ ਧੋਖਾਧੜੀ ਵਾਲੀ ਇਮੀਗ੍ਰੇਸ਼ਨ ਗਤੀਵਿਧੀਆਂ ਦੀ ਰਿਪੋਰਟ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਾਈਬਰ ਹੈਲਪਲਾਈਨ ਨੰਬਰ 1930 ‘ਤੇ ਕਰਨ।