ਚੰਡੀਗੜ੍ਹ, 20 ਫਰਵਰੀ: ਦੇਸ਼ ਕਲਿੱਕ ਬਿਊਰੋ:
ਕੈਲੀਫੋਰਨੀਆ ਦੇ ਟਰੇਸੀ ਸਿਟੀ ਵਿੱਚ ਇੱਕ ਗੁਰਦੁਆਰਾ ਕੰਪਲੈਕਸ ਤੋਂ ਇੱਕ ਸਿੱਖ ਵਿਅਕਤੀ ਦੇ ਅਗਵਾ ਹੋਣ ਦੀ ਖਬਰ ਸਾਹਮਣੇ ਆਈ ਹੈ। ਅਵਤਾਰ ਸਿੰਘ ਨੂੰ ਉਸ ਸਮੇਂ ਅਗਵਾ ਕੀਤਾ ਗਿਆ ਜਦੋਂ ਉਹ ਗੁਰਦੁਆਰਾ ਕੰਪਲੈਕਸ ਦੇ ਅੰਦਰ ਸੀ। ਪੁਲਿਸ ਨੇ ਮਾਮਲੇ ਵਿੱਚ ਸੀਸੀਟੀਵੀ ਫੁਟੇਜ ਬਰਾਮਦ ਕੀਤੀ ਹੈ, ਜਿਸ ਵਿੱਚ ਤਿੰਨ ਅਣਪਛਾਤੇ ਵਿਅਕਤੀ ਅਤੇ ਇੱਕ ਚਿੱਟੀ ਐਸਯੂਵੀ ਦਿਖਾਈ ਦੇ ਰਹੀ ਹੈ।
ਅਵਤਾਰ ਸਿੰਘ ਮੂਲ ਰੂਪ ਵਿੱਚ ਲੁਧਿਆਣਾ ਦਾ ਰਹਿਣ ਵਾਲਾ ਹੈ, ਪਰ ਉਸਦਾ ਪਰਿਵਾਰ ਕਈ ਸਾਲਾਂ ਤੋਂ ਕੈਲੀਫੋਰਨੀਆ ਵਿੱਚ ਰਹਿ ਰਿਹਾ ਹੈ। ਅਵਤਾਰ ਸਿੰਘ 57 ਸਾਲਾਂ ਦਾ ਹੈ ਅਤੇ ਲੰਬੇ ਸਮੇਂ ਤੋਂ ਟਰੇਸੀ ਦੇ ਗੁਰਦੁਆਰਾ ਸਾਹਿਬ ਵਿੱਚ ਰਸੋਈਏ ਵਜੋਂ ਕੰਮ ਕਰ ਰਿਹਾ ਸੀ ਅਤੇ ਗੁਰਦੁਆਰਾ ਕੰਪਲੈਕਸ ਵਿੱਚ ਹੀ ਰਹਿੰਦਾ ਸੀ।
ਪਰਿਵਾਰ ਨੇ ਸਥਾਨਕ ਪੁਲਿਸ, ਸੈਨ ਜੋਆਕੁਇਨ ਕਾਉਂਟੀ ਸ਼ੈਰਿਫ ਦੇ ਦਫਤਰ ਕੋਲ ਅਗਵਾ ਦੀ ਰਿਪੋਰਟ ਦਰਜ ਕਰਵਾਈ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਪੁਲਿਸ ਨੇ ਜਨਤਾ ਤੋਂ ਜਾਣਕਾਰੀ ਮੰਗਦੇ ਹੋਏ ਅਵਤਾਰ ਸਿੰਘ ਅਤੇ ਐਸਯੂਵੀ ਕਾਰ ਦੀ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਅਪਲੋਡ ਕੀਤੀ ਹੈ।



