ਚੰਡੀਗੜ੍ਹ, 10 ਅਪ੍ਰੈਲ :ਦੇਸ਼ ਕਲਿੱਕ ਬਿਊਰੋ:
ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਪੰਜਾਬ ਲਿਆਂਦਾ ਗਿਆ ਹੈ। ਬਠਿੰਡਾ ਪੁਲਿਸ ਦੀ ਇੱਕ ਟੀਮ ਉਸ ਨੂੰ ਯੂਏਈ ਅਧਿਕਾਰੀਆਂ ਤੋਂ ਹਿਰਾਸਤ ਵਿੱਚ ਲੈਣ ਤੋਂ ਬਾਅਦ ਭਾਰਤ ਲੈ ਆਈ। ਮਹਿਰੋਂ ਨੂੰ ਇਸ ਸਾਲ ਜਨਵਰੀ ਵਿੱਚ ਸ਼ਾਰਜਾਹ ਪੁਲਿਸ ਨੇ ਵੀਜ਼ਾ ਨਾਲ ਸਬੰਧਤ ਮਾਮਲੇ ਵਿੱਚ ਪੁੱਛਗਿੱਛ ਦੌਰਾਨ ਹਿਰਾਸਤ ਵਿੱਚ ਲਿਆ ਸੀ। ਦੇਸ਼ ਨਿਕਾਲੇ ਦੀ ਪ੍ਰਕਿਰਿਆ ਵਿੱਚ ਕੁਝ ਸਮਾਂ ਲੱਗਿਆ।
ਜਾਣਕਾਰੀ ਅਨੁਸਾਰ, ਕਮਲ ਕੌਰ ਭਾਬੀ ਦਾ ਕਤਲ ਜੂਨ 2025 ਵਿੱਚ ਬਠਿੰਡਾ ਵਿੱਚ ਹੋਇਆ ਸੀ। ਉਸਦੀ ਲਾਸ਼ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਇੱਕ ਈਓਨ ਕਾਰ ਵਿੱਚੋਂ ਮਿਲੀ ਸੀ। ਕਤਲ ਦਾ ਪਤਾ ਉਦੋਂ ਲੱਗਿਆ ਜਦੋਂ ਕਾਰ ਵਿੱਚੋਂ ਤੇਜ਼ ਬਦਬੂ ਆਉਣ ਲੱਗੀ ਸੀ। ਪੋਸਟਮਾਰਟਮ ਵਿਚ ਗਲਾ ਘੁੱਟ ਕੇ ਕਤਲ ਕੀਤੇ ਜਾਣ ਦੀ ਪੁਸ਼ਟੀ ਹੋਈ ਸੀ। ਉਸ ਦੇ ਕਤਲ ਦੇ ਇਲਜ਼ਾਮ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸ ਦੇ ਤਿੰਨ ਸਾਥੀਆਂ ‘ਤੇ ਲੱਗੇ ਸਨ। ਚਾਰਾਂ ਮੁਲਜ਼ਮਾਂ ਦਾ ਕਤਲ ਕੇਸ ‘ਚ ਨਾਂਅ ਆਉਣ ਤੋਂ ਬਾਅਦ ਪੁਲਿਸ ਨੇ ਮਹਿਰੋਂ ਦੇ ਤਿੰਨ ਸਾਥੀਆਂ ਜਸਪ੍ਰੀਤ ਸਿੰਘ, ਨਿਮਰਤਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦੋਂ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਦੇਸ਼ ਫ਼ਰਾਰ ਹੋ ਗਿਆ ਸੀ।



