ਜਲੰਧਰ: ਹੁਸ਼ਿਆਰਪੁਰ-ਜਲੰਧਰ ਰੋਡ ‘ਤੇ ਪਿੱਪਲਾਂਵਾਲਾ ਇਲਾਕੇ ‘ਚ ਸਥਿਤ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਸੰਤੋਸ਼ ਚੌਧਰੀ ਨੇ ਦੱਸਿਆ ਕਿ ਉਹ ਘਰ ‘ਚ ਇਕੱਲੀ ਰਹਿੰਦੀ ਹੈ ਅਤੇ ਸਾਲ 2022 ‘ਚ ਪੰਜਾਬ ‘ਚ ਨਵੀਂ ਸਰਕਾਰ ਬਣਨ ਤੋਂ ਬਾਅਦ ਉਸ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ। ਉਸ ਨੇ ਦੱਸਿਆ ਕਿ ਉਹ ਬੁੱਧਵਾਰ ਨੂੰ ਸਵੇਰੇ 10:30 ਵਜੇ ਦੇ ਕਰੀਬ ਜਲੰਧਰ ਗਈ ਸੀ ਅਤੇ ਸ਼ਾਮ 7:30 ਵਜੇ ਦੇ ਕਰੀਬ ਵਾਪਸ ਆਈ ਸੀ। ਜਦੋਂ ਉਹ ਘਰ ਦੇ ਮੁੱਖ ਦਰਵਾਜ਼ੇ ਦਾ ਤਾਲਾ ਖੋਲ੍ਹਣ ਲੱਗੀ ਤਾਂ ਦੇਖਿਆ ਕਿ ਤਾਲਾ ਟੁੱਟਿਆ ਹੋਇਆ ਸੀ।
ਉਸ ਨੇ ਦੱਸਿਆ ਕਿ ਜਦੋਂ ਉਹ ਆਪਣੇ ਡਰਾਈਵਰ ਅਤੇ ਨੌਕਰ ਨਾਲ ਘਰ ਅੰਦਰ ਦਾਖਲ ਹੋਈ ਤਾਂ ਦੇਖਿਆ ਕਿ ਘਰ ਦੇ ਬਾਥਰੂਮਾਂ ਦੀ ਭਾਰੀ ਭੰਨਤੋੜ ਕੀਤੀ ਹੋਈ ਸੀ। ਬਾਥਰੂਮ ਦੀਆਂ ਟੂਟੀਆਂ ਅਤੇ ਹੋਰ ਫਿਟਿੰਗਸ ਚੋਰੀ ਹੋ ਗਏ। ਚੋਰਾਂ ਨੇ ਬਾਥਰੂਮ ਅਤੇ ਫਿਟਿੰਗਸ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਪਹਿਲੀ ਮੰਜ਼ਿਲ ‘ਤੇ ਦੋ ਹੋਰ ਬਾਥਰੂਮਾਂ ‘ਚ ਵੀ ਅਜਿਹੀ ਹੀ ਭੰਨਤੋੜ ਦੇਖਣ ਨੂੰ ਮਿਲੀ।
ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਚੋਰੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ।



