ਲੁਧਿਆਣਾ, 22 ਮਈ: ਲੁਧਿਆਣਾ ਦੇ ਤਾਜਪੁਰ ਰੋਡ ਨੇੜੇ ਵਿਜੇ ਨਗਰ ਇਲਾਕੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਪਰਿਵਾਰ ਆਪਣੇ ਸਕੂਟਰ ‘ਤੇ ਜਾ ਰਿਹਾ ਹੁੰਦਾ ਅਤੇ ਸੜਕ ‘ਤੇ ਭਾਰੀ ਪਾਣੀ ਭਰਨ ਕਾਰਨ, ਉਨ੍ਹਾਂ ਨੂੰ ਇੱਕ ਖੁੱਲ੍ਹੇ ਢੱਕਣ ਵਾਲਾ ਗਟਰ ਦਿਖਾਈ ਨਹੀਂ ਦਿੰਦਾ ਅਤੇ ਪੂਰਾ ਪਰਿਵਾਰ ਸਕੂਟਰ ਸਮੇਤ ਗਟਰ ‘ਚ ਜਾ ਡਿਗਦਾ ਹੈ ਅਤੇ ਉਨ੍ਹਾਂ ਨਾਲ ਇੱਕ ਛੋਟੀ ਬੱਚੀ ਵੀ ਹੁੰਦੀ ਹੈ ਜੋ ਕਿ ਗਟਰ ਵਿੱਚ ਡਿੱਗ ਜਾਂਦੀ ਹੈ।
ਸ਼ੁਕਰ ਹੈ ਕਿ ਰਾਹਗੀਰਾਂ ਨੇ ਬਿਨਾਂ ਕਿਸੇ ਸਕਿੰਟ ਦੀ ਦੇਰੀ ਦੇ, ਬੱਚੇ ਸਮੇਤ ਪੂਰੇ ਪਰਿਵਾਰ ਨੂੰ ਗਟਰ ਵਿੱਚੋਂ ਸੁਰੱਖਿਅਤ ਬਚਾ ਲਿਆ। ਲੋਕਾਂ ਦੀ ਮਦਦ ਨਾਲ, ਸਕੂਟਰ ਨੂੰ ਵੀ ਬਾਹਰ ਕੱਢ ਲਿਆ ਗਿਆ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ।
ਘਟਨਾ ਤੋਂ ਬਾਅਦ, ਨਿਵਾਸੀਆਂ ਅਤੇ ਚਸ਼ਮਦੀਦਾਂ ਨੇ ਪ੍ਰਸ਼ਾਸਨ ਦੇ ਕੰਮਕਾਜ ‘ਤੇ ਗੰਭੀਰ ਸਵਾਲ ਉਠਾਏ, ਕਿਹਾ ਕਿ ਇਲਾਕੇ ਦੀਆਂ ਡੇਅਰੀਆਂ ਦਾ ਸੀਵਰੇਜ ਸੜਕਾਂ ‘ਤੇ ਇਕੱਠਾ ਹੋ ਜਾਂਦਾ ਹੈ। ਪਾਣੀ ਇੰਨਾ ਜ਼ਿਆਦਾ ਹੈ ਕਿ ਟੋਏ ਅਤੇ ਗਟਰ ਪੂਰੀ ਤਰ੍ਹਾਂ ਨਜ਼ਰ ਨਹੀਂ ਆਉਂਦੇ, ਜਿਸ ਕਾਰਨ ਰੋਜ਼ਾਨਾ ਅਜਿਹੇ ਹਾਦਸੇ ਵਾਪਰਦੇ ਹਨ।



