Breaking- ਕੋਲ ਖਦਾਨ ਚ ਵੱਡਾ ਧਮਾਕਾ; 82 ਮਜ਼ਦੂਰਾਂ ਦੀ ਮੌਤ, 9 ਹਾਲੇ ਵੀ ਲਾਪਤਾ

ਕੌਮਾਂਤਰੀ
  • ਸ਼ਾਂਕਸੀ ਸੂਬੇ ਦੀ ਕੋਲਾ ਖਦਾਨ ਵਿੱਚ ਗੈਸ ਲੀਕ ਹੋਣ ਕਾਰਨ ਵਾਪਰਿਆ ਭਿਆਨਕ ਹਾਦਸਾ
  • ਹਾਦਸੇ ਦੇ ਸਮੇਂ ਖਦਾਨ ਦੇ ਅੰਦਰ ਕੰਮ ਕਰ ਰਹੇ ਸਨ 247 ਮਜ਼ਦੂਰ; ਬਚਾਅ ਕਾਰਜ ਜਾਰੀ
  • ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦਿੱਤੇ ਉੱਚ ਪੱਧਰੀ ਜਾਂਚ ਅਤੇ ਸਖ਼ਤ ਕਾਰਵਾਈ ਦੇ ਆਦੇਸ਼

ਬੀਜਿੰਗ: ਉੱਤਰੀ ਚੀਨ ਦੇ ਸ਼ਾਂਕਸੀ (Shanxi) ਸੂਬੇ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਚਾਂਗਝੀ ਸ਼ਹਿਰ ਵਿੱਚ ਸਥਿਤ ‘ਲਿਊਸ਼ੇਨਯੂ’ (Liushenyu) ਕੋਲਾ ਖਦਾਨ ਵਿੱਚ ਇੱਕ ਭਿਆਨਕ ਗੈਸ ਧਮਾਕਾ ਹੋਇਆ ਹੈ।

ਸਰਕਾਰੀ ਮੀਡੀਆ ਅਤੇ ਸਥਾਨਕ ਪ੍ਰਸ਼ਾਸਨ ਮੁਤਾਬਕ, ਇਸ ਭਿਆਨਕ ਹਾਦਸੇ ਵਿੱਚ ਮਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਵੱਧ ਕੇ 82 ਹੋ ਗਈ ਹੈ, ਜਦੋਂ ਕਿ 9 ਮਜ਼ਦੂਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਸ਼ੁੱਕਰਵਾਰ ਸ਼ਾਮ ਨੂੰ ਉਸ ਸਮੇਂ ਹੋਇਆ, ਜਦੋਂ ਖਦਾਨ ਦੇ ਅੰਦਰ 247 ਮਜ਼ਦੂਰ ਆਪਣੀ ਡਿਊਟੀ ‘ਤੇ ਤਾਇਨਾਤ ਸਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਮਜ਼ਦੂਰ ਅੰਦਰ ਹੀ ਫਸ ਗਏ।

ਰਾਹਤ ਅਤੇ ਬਚਾਅ ਟੀਮਾਂ ਨੇ ਮੁਸਤੈਦੀ ਦਿਖਾਉਂਦੇ ਹੋਏ 201 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ, ਜਿਨ੍ਹਾਂ ਵਿੱਚੋਂ ਕਈਆਂ ਨੂੰ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਘਟਨਾ ਤੋਂ ਬਾਅਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਲੀ ਕੀਆਂਗ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਚਾਅ ਕਾਰਜਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਲਾਪਤਾ ਮਜ਼ਦੂਰਾਂ ਦੀ ਭਾਲ ਲਈ ਕੋਈ ਕਸਰ ਨਾ ਛੱਡੀ ਜਾਵੇ।

ਇਸ ਦੇ ਨਾਲ ਹੀ ਹਾਦਸੇ ਦੇ ਅਸਲ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕਰਨ ਅਤੇ ਲਾਪਰਵਾਹੀ ਵਰਤਣ ਵਾਲੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਖਦਾਨ ਦੇ ਪ੍ਰਬੰਧਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।