- ‘ਆਪ’ ਆਗੂਆਂ ‘ਤੇ ਕੁੱਟਮਾਰ ਤੇ ਧਮਕੀਆਂ ਦੇ ਆਰੋਪ
ਰਾਏਕੋਟ: ਰਾਏਕੋਟ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵੋਟਿੰਗ ਦੀ ਸ਼ੁਰੂਆਤ ਬੇਹੱਦ ਹਿੰਸਕ ਰਹੀ। ਵਾਰਡ ਨੰਬਰ 4 ਤੋਂ ਕਾਂਗਰਸ ਦੇ ਉਮੀਦਵਾਰ ਜਗਦੇਵ ਸਿੰਘ ਜੱਗਾ ‘ਤੇ ਤੜਕਸਾਰ ਚੋਣ ਬੂਥ ਦੇ ਅੰਦਰ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਹੈ। ਹਮਲਾਵਰ ਆਮ ਆਦਮੀ ਪਾਰਟੀ (AAP) ਦੇ ਸਮਰਥਕ ਦੱਸੇ ਜਾ ਰਹੇ ਹਨ। ਗੰਭੀਰ ਹਾਲਤ ਵਿੱਚ ਜੱਗਾ ਨੂੰ ਪਹਿਲਾਂ ਸਿਵਲ ਹਸਪਤਾਲ ਅਤੇ ਫਿਰ ਉੱਥੋਂ ਸ਼ਹਿਰ ਦੇ ਇੱਕ ਵੱਡੇ ਨਿੱਜੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਮੁਤਾਬਕ ਜੱਗਾ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਪੀਜੀਆਈ (PGI) ਚੰਡੀਗੜ੍ਹ ਰੈਫ਼ਰ ਕੀਤਾ ਜਾ ਰਿਹਾ ਹੈ।
ਰਾਏਕੋਟ ਵਿੱਚ ਸੋਮਵਾਰ ਦੁਪਹਿਰ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿਚਾਲੇ ਸ਼ੁਰੂ ਹੋਈ ਤਕਰਾਰ ਰਾਤ ਹੁੰਦੇ-ਹੁੰਦੇ ਖ਼ੂਨੀ ਸੰਘਰਸ਼ ਵਿੱਚ ਬਦਲ ਗਈ। ਪੁਲਿਸ ਦੀ ਮੌਜੂਦਗੀ ਵਿੱਚ ਰਾਏਕੋਟ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ‘ਆਪ’ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਸੱਜੇ ਹੱਥ ਮੰਨੇ ਜਾਂਦੇ ਬਿੰਦਰਜੀਤ ਸਿੰਘ ਗਿੱਲ ਦੀ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ਦੇ ਸਮਰਥਕਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਜੰਮ ਕੇ ਇੱਟਾਂ-ਪੱਥਰ ਚੱਲੇ ਅਤੇ ਬਿੰਦਰਜੀਤ ਸਿੰਘ ਗਿੱਲ ਦੀ ਪੱਗ ਵੀ ਉਛਾਲ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਕਦੇ ਅਕਾਲੀ ਦਲ ਵਿੱਚ ਇਕੱਠੇ ਕੰਮ ਕਰ ਚੁੱਕੇ ਜਗਦੇਵ ਸਿੰਘ ਜੱਗਾ ਅਤੇ ਬਿੰਦਰਜੀਤ ਸਿੰਘ ਗਿੱਲ ਹੁਣ ਇੱਕ-ਦੂਜੇ ਦੇ ਕੱਟੜ ਵਿਰੋਧੀ ਬਣ ਚੁੱਕੇ ਹਨ ਅਤੇ ਦੋਵਾਂ ‘ਤੇ ਕਈ ਅਪਰਾਧਿਕ ਮਾਮਲੇ ਵੀ ਦਰਜ ਹਨ।
ਜੱਗਾ ਕਾਂਗਰਸ ਦੀ ਟਿਕਟ ‘ਤੇ ਮੈਦਾਨ ਵਿੱਚ ਹਨ, ਜਦਕਿ ‘ਆਪ’ ਵੱਲੋਂ ਬਿੰਦਰਜੀਤ ਗਿੱਲ ਦੇ ਖ਼ਾਸ ਦੋਸਤ ਅਮਨਦੀਪ ਸਿੰਘ ਮਾਂਗਟ ਚੋਣ ਲੜ ਰਹੇ ਹਨ। ਚੋਣਾਂ ਤੋਂ ਪਹਿਲੀ ਰਾਤ ਨੂੰ ਜਦੋਂ ਦੋਵੇਂ ਧਿਰਾਂ ਡੋਰ-ਟੂ-ਡੋਰ ਪ੍ਰਚਾਰ ਕਰ ਰਹੀਆਂ ਸਨ, ਤਾਂ ਰਾਤ ਸਾਢੇ 9 ਵਜੇ ਦੇ ਕਰੀਬ ਆਹਮੋ-ਸਾਹਮਣੇ ਹੋ ਗਈਆਂ ਅਤੇ ਮਾਮਲਾ ਹਿੰਸਕ ਹੋ ਗਿਆ।



