ਫਰੀਦਕੋਟ ਦੇ NRI ਪੰਜਾਬੀ ਅਜੈਪਾਲ ਧਾਲੀਵਾਲ ਨੇ ਮਾਊਂਟ ਐਵਰੇਸਟ ਕੀਤੀ ਫਤਿਹ

ਪੰਜਾਬ
  • ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ : ਰਾਹੁਲ ਚਾਬਾ

ਫਰੀਦਕੋਟ, 28 ਮਈ: ਡਿਪਟੀ ਕਮਿਸ਼ਨਰ ਫਰੀਦਕੋਟ ਰਾਹੁਲ ਚਾਬਾ ਨੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕੱਸਮ ਭੱਟੀ ਨਾਲ ਸਬੰਧਤ ਪ੍ਰਵਾਸੀ ਪੰਜਾਬੀ ਅਜੈਪਾਲ ਸਿੰਘ ਧਾਲੀਵਾਲ ਵੱਲੋਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ਫਤਿਹ ਕਰਨ ਤੇ ਖੁਸ਼ੀ ਅਤੇ ਮਾਣ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਉਹਨਾਂ ਦੇ ਨਾਲ ਸ਼੍ਰੀ ਅਜੈਪਾਲ ਸਿੰਘ ਧਾਲੀਵਾਲ ਅਤੇ ਇਕਬਾਲ ਸਿੰਘ ਧਾਲੀਵਾਲ ਸੁਪਰਡੈਂਟ ਜੇਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼੍ਰੀ ਅਜੈਪਾਲ ਸਿੰਘ ਧਾਲੀਵਾਲ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਦੁਨੀਆ ਦੇ ਹਰ ਖੇਤਰ ਵਿੱਚ ਨਵੀਆਂ ਉੱਚਾਈਆਂ ਛੂਹ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਸਿਰਫ਼ ਫਰੀਦਕੋਟ ਹੀ ਨਹੀਂ, ਸਗੋਂ ਪੂਰੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।

ਅਜੈਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਹ ਮੌਜੂਦਾ ਸਮੇਂ ਸਰੀ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਵਿਖੇ ਰਹਿ ਰਹੇ ਹਨ ਅਤੇ ਪੇਸ਼ੇ ਵਜੋਂ ਬੈਰਿਸਟਰ (ਵਕੀਲ) ਹਨ ਅਤੇ ਕਈ ਸਾਲਾਂ ਤੋਂ ਮਾਊਂਟ ਐਵਰੇਸਟ ਫਤਿਹ ਕਰਨ ਲਈ ਲਗਾਤਾਰ ਸਖ਼ਤ ਮਿਹਨਤ ਕਰ ਰਹੇ ਸਨ। ਪਿਛਲੇ ਸਾਲ ਵੀ ਉਨ੍ਹਾਂ ਨੇ ਇਸ ਦੀ ਕੋਸ਼ਿਸ਼ ਕੀਤੀ ਸੀ, ਪਰ ਸਫਲ ਨਹੀਂ ਹੋਏ ਸਨ। ਇਸ ਸਾਲ 20 ਮਈ 2026 ਨੂੰ ਉਨ੍ਹਾਂ ਨੇ ਸਫਲਤਾਪੂਰਵਕ ਮਾਊਂਟ ਐਵਰੇਸਟ ਦੀ ਚੋਟੀ ਸਰ ਕਰਕੇ ਇਤਿਹਾਸ ਰਚ ਦਿੱਤਾ।

ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਕਿਹਾ ਕਿ ਅਜੈਪਾਲ ਸਿੰਘ ਧਾਲੀਵਾਲ ਮਾਊਂਟ ਐਵਰੇਸਟ ਫਤਿਹ ਕਰਨ ਵਾਲੇ ਪਹਿਲੇ ਕੈਨੇਡੀਅਨ ਸਿੱਖ ਬਣੇ ਹਨ, ਜੋ ਕਿ ਪੂਰੇ ਪੰਜਾਬੀ ਭਾਈਚਾਰੇ ਲਈ ਵੀ ਮਾਣ ਦੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੀ ਧਾਲੀਵਾਲ ਇਸ ਤੋਂ ਪਹਿਲਾਂ ਵੀ ਦੁਨੀਆ ਦੇ ਕਈ ਪ੍ਰਸਿੱਧ ਪਹਾੜ ਸਫਲਤਾਪੂਰਵਕ ਸਰ ਕਰ ਚੁੱਕੇ ਹਨ ਅਤੇ ਉਹ ਇੱਕ ਸ਼ਾਨਦਾਰ ਮੈਰਾਥਨ ਦੌੜਾਕ ਹੋਣ ਦੇ ਨਾਲ ‘ਆਇਰਨ ਮੈਨ’ ਦਾ ਖਿਤਾਬ ਵੀ ਹਾਸਲ ਕਰ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਧਾਲੀਵਾਲ ਦੀ ਇਹ ਪ੍ਰਾਪਤੀ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਇਹ ਸੰਦੇਸ਼ ਦਿੰਦੀ ਹੈ ਕਿ ਮਿਹਨਤ ਅਤੇ ਹੌਸਲੇ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।