Punjab MC Election Results 2026: MC ਚੋਣਾਂ ‘ਚ AAP ਨੇ ਹੁਣ ਤੱਕ 503 ਸੀਟਾਂ ਜਿੱਤੀਆਂ, ਕਾਂਗਰਸ ਦੂਜੇ ਤੇ ਆਜ਼ਾਦ ਉਮੀਦਵਾਰ ਤੀਜੇ ਨੰਬਰ ‘ਤੇ
ਕੁੱਲ 1977 ਵਾਰਡਾਂ ਦੇ ਨਤੀਜਿਆਂ ਅਤੇ ਰੁਝਾਨਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (AAP) ਦੀ ਇਤਿਹਾਸਕ ਲੀਡ
ਮੁੱਖ ਵਿਰੋਧੀ ਧਿਰ ਕਾਂਗਰਸ 179 ਸੀਟਾਂ ਨਾਲ ਦੂਜੇ ਅਤੇ ਅਕਾਲੀ ਦਲ 122 ਸੀਟਾਂ ਨਾਲ ਚੌਥੇ ਸਥਾਨ ‘ਤੇ ਖਿਸਕਿਆ
ਸਿਆਸੀ ਪਾਰਟੀਆਂ ਦੇ ਸਮੀਕਰਨ ਵਿਗਾੜ ਕੇ 176 ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਨੇ ਮਾਰੀ ਵੱਡੀ ਬਾਜ਼ੀ; ਭਾਜਪਾ 41 ਸੀਟਾਂ ‘ਤੇ ਸਿਮਟੀ
ਚੰਡੀਗੜ੍ਹ, 29 ਮਈ 2026:
ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ (MC) ਚੋਣਾਂ ਦੇ ਐਲਾਨੇ ਜਾ ਰਹੇ ਨਤੀਜਿਆਂ ਅਤੇ ਰੁਝਾਨਾਂ ਵਿੱਚ ਇੱਕ ਵਾਰ ਫਿਰ ਵੱਡਾ ਉਲਟਫੇਰ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਪਛਾੜਦਿਆਂ ਇੱਕ ਵੱਡੀ ਅਤੇ ਇਤਿਹਾਸਕ ਲੀਡ ਹਾਸਲ ਕਰ ਲਈ ਹੈ। ‘ਆਪ’ ਦੇ ਇਸ ਜ਼ਬਰਦਸਤ ਪ੍ਰਦਰਸ਼ਨ ਨੇ ਸੂਬੇ ਦੇ ਸ਼ਹਿਰੀ ਹਲਕਿਆਂ ਵਿੱਚ ਪਾਰਟੀ ਦੀ ਸਿਆਸੀ ਪਕੜ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ ਹੈ, ਜਿਸ ਕਾਰਨ ਪਾਰਟੀ ਦੇ ਮੁੱਖ ਦਫ਼ਤਰਾਂ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਢੋਲ-ਧਮੱਕਿਆਂ ਨਾਲ ਲੱਡੂ ਵੰਡ ਕੇ ਖ਼ੁਸ਼ੀ ਮਨਾਈ ਜਾ ਰਹੀ ਹੈ।
ਦੁਪਹਿਰ 1:22 ਵਜੇ ਤੱਕ ਦੇ ਚੋਣ ਨਤੀਜਿਆਂ ਦੇ ਮੁੱਖ ਅੰਕੜੇ
ਪ੍ਰਾਪਤ ਜਾਣਕਾਰੀ ਅਨੁਸਾਰ, ਦੁਪਹਿਰ 1:22 ਵਜੇ ਤੱਕ ਸਾਹਮਣੇ ਆਏ ਅਧਿਕਾਰਤ ਚੋਣ ਨਤੀਜਿਆਂ ਮੁਤਾਬਕ, ਸੂਬੇ ਦੇ ਕੁੱਲ 1977 ਵਾਰਡਾਂ ਵਿੱਚੋਂ ਸਿਆਸੀ ਪਾਰਟੀਆਂ ਦੀ ਸਥਿਤੀ ਇਸ ਤਰ੍ਹਾਂ ਹੈ; ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 520 ਸੀਟਾਂ ‘ਤੇ ਜਿੱਤ ਦਰਜ ਕਰ ਲਈ ਹੈ।
ਦੂਜੇ ਪਾਸੇ, ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਫਿਲਹਾਲ 179 ਸੀਟਾਂ ਜਿੱਤ ਕੇ ਦੂਜੇ ਸਥਾਨ ‘ਤੇ ਚੱਲ ਰਹੀ ਹੈ। ਜਦੋਂ ਕਿ ਬੇਹੱਦ ਕਰੀਬੀ ਅਤੇ ਫਸਵੇਂ ਮੁਕਾਬਲੇ ਵਿੱਚ ਅਕਾਲੀ ਦਲ 124 ਸੀਟਾਂ ‘ਤੇ ਜਿੱਤ ਹਾਸਲ ਕਰਕੇ ਤੀਜੇ ਸਥਾਨ ‘ਤੇ ਬਣਿਆ ਹੋਇਆ ਹੈ।
ਇਨ੍ਹਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (BJP) ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਪਾਰਟੀ ਸਿਰਫ਼ 43 ਸੀਟਾਂ ‘ਤੇ ਹੀ ਸਿਮਟ ਕੇ ਰਹਿ ਗਈ ਹੈ। ਇਸ ਦੇ ਉਲਟ, ਸਿਆਸੀ ਪਾਰਟੀਆਂ ਦੇ ਸਾਰੇ ਸਮੀਕਰਨਾਂ ਨੂੰ ਵਿਗਾੜਦਿਆਂ ਇਸ ਵਾਰ ਆਜ਼ਾਦ ਉਮੀਦਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੁਣ ਤੱਕ 176 ਆਜ਼ਾਦ ਉਮੀਦਵਾਰਾਂ ਨੇ ਵੱਖ-ਵੱਖ ਵਾਰਡਾਂ ਵਿੱਚ ਵੱਡੀ ਜਿੱਤ ਦਰਜ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਫਿਲਹਾਲ ਬਾਕੀ ਰਹਿੰਦੀਆਂ ਸੀਟਾਂ ‘ਤੇ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ ਅਤੇ ਕਈ ਵਾਰਡਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ, ਜਿਸ ਕਾਰਨ ਅੰਤਿਮ ਅੰਕੜਿਆਂ ਵਿੱਚ ਹੋਰ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।



