Punjab Breaking: ਜ਼ਹਿਰੀਲੀ ਗੈਸ ਚੜ੍ਹਨ ਨਾਲ ਪਿਤਾ-ਪੁੱਤਰ ਸਮੇਤ 3 ਮਜ਼ਦੂਰਾਂ ਦੀ ਮੌਤ
ਲੁਧਿਆਣਾ, 1 ਜੂਨ 2026: ਲੁਧਿਆਣਾ ਦੇ ਆਰ.ਕੇ. ਰੋਡ ‘ਤੇ ਸਥਿਤ ਇੱਕ ਪਾਨਾ-ਚਾਬੀ (ਟੂਲ) ਬਣਾਉਣ ਵਾਲੀ ਫੈਕਟਰੀ ਵਿੱਚ ਸੋਮਵਾਰ ਨੂੰ ਜ਼ਹਿਰੀਲੀ ਗੈਸ ਚੜ੍ਹਨ (ਲੀਕ ਹੋਣ) ਕਾਰਨ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ।
ਇਸ ਹਾਦਸੇ ਵਿੱਚ ਫੈਕਟਰੀ ਦੇ ਤਿੰਨ ਕਰਮਚਾਰੀਆਂ ਦੀ ਜਾਨ ਚਲੀ ਗਈ, ਜਿਨ੍ਹਾਂ ਵਿੱਚੋਂ ਦੋ ਆਪਸ ਵਿੱਚ ਪਿਤਾ-ਪੁੱਤਰ ਸਨ। ਗੈਸ ਲੀਕ ਹੋਣ ਤੋਂ ਬਾਅਦ ਫੈਕਟਰੀ ਕੰਪਲੈਕਸ ਵਿੱਚ ਚਾਰੇ ਪਾਸੇ ਭਾਜੜ ਮਚ ਗਈ।
ਇਸ ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆਉਣ ਕਾਰਨ ਕਈ ਹੋਰ ਮਜ਼ਦੂਰ ਵੀ ਬੇਹੋਸ਼ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ।
ਇਸ ਦਰਦਨਾਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ ਮਾਨਾ ਅਤੇ ਉਸ ਦੇ ਪੁੱਤਰ ਅਮਿਤ ਵਜੋਂ ਹੋਈ ਹੈ, ਜਦੋਂ ਕਿ ਤੀਜੇ ਮ੍ਰਿਤਕ ਮਜ਼ਦੂਰ ਦੀ ਪਛਾਣ ਕਰਨ ਵਿੱਚ ਪੁਲਿਸ ਜੁਟੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਪਿਤਾ-ਪੁੱਤਰ ਮਸ਼ੀਨ ਦੇ ਹੇਠਲੇ ਹਿੱਸੇ ਵਿੱਚੋਂ ਨਿਕਲਣ ਵਾਲੀ ਮਿੱਟੀ ਨੂੰ ਟ੍ਰਾਲੀ ਵਿੱਚ ਲੋਡ ਕਰ ਰਹੇ ਸਨ, ਜਿਸ ਕਾਰਨ ਉਹ ਇਸ ਜਾਨਲੇਵਾ ਗੈਸ ਦੇ ਸਿੱਧੇ ਸੰਪਰਕ ਵਿੱਚ ਆ ਗਏ। ਮ੍ਰਿਤਕ ਅਮਿਤ ਆਪਣੇ ਪਿੱਛੇ ਇੱਕ ਸਾਲ ਦੀ ਮਾਸੂਮ ਧੀ, ਪਤਨੀ, ਦੋ ਭੈਣਾਂ ਅਤੇ ਇੱਕ ਛੋਟੇ ਭਰਾ ਨੂੰ ਰੋਂਦੇ-ਬਿਲਕਦੇ ਛੱਡ ਗਿਆ ਹੈ।
ਹਾਦਸੇ ਦੀ ਖ਼ਬਰ ਮਿਲਦਿਆਂ ਹੀ ਥਾਣਾ ਮੋਤੀ ਨਗਰ ਦੀ ਪੁਲਿਸ ਸਮੇਤ ਵੱਖ-ਵੱਖ ਪ੍ਰਸ਼ਾਸਨਿਕ ਟੀਮਾਂ ਅਤੇ ਐਂਬੂਲੈਂਸਾਂ ਮੌਕੇ ‘ਤੇ ਪਹੁੰਚੀਆਂ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।



