ਪੰਜਾਬ, ਚੰਡੀਗੜ੍ਹ : ਗੁਰਦਾਸਪੁਰ ਦੇ ਹਨੂੰਮਾਨ ਚੌਕ ਇਲਾਕੇ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਕੁਆਰਟਰ ਵਿੱਚ ਮੰਗਲਵਾਰ ਸ਼ਾਮ ਨੂੰ ਰਸੋਈ ਗੈਸ ਲੀਕ ਹੋਣ ਤੋਂ ਬਾਅਦ ਹੋਏ ਧਮਾਕੇ ਵਿੱਚ ਦੋ ਬੱਚਿਆਂ ਸਮੇਤ 8 ਲੋਕ ਝੁਲਸ ਗਏ। ਜ਼ਖਮੀਆਂ ਨੂੰ ਆਸ-ਪਾਸ ਦੇ ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ, ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।
ਜਾਣਕਾਰੀ ਦਿੰਦੇ ਹੋਏ ਜ਼ਖਮੀ ਦਿਵਾਕਰ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਹਨੂੰਮਾਨ ਚੌਕ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਅਤੇ ਮਿਸਤਰੀ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸ਼ਾਮ ਦੇ ਸਮੇਂ ਉਨ੍ਹਾਂ ਦੀ ਪਤਨੀ ਮੰਨੂ ਕੁਮਾਰੀ ਰਸੋਈ ਵਿੱਚ ਖਾਣਾ ਬਣਾਉਣ ਦੀ ਤਿਆਰੀ ਕਰ ਰਹੀ ਸੀ, ਪਰ ਗੈਸ ਚੁੱਲ੍ਹਾ ਨਹੀਂ ਚੱਲ ਰਿਹਾ ਸੀ। ਚੁੱਲ੍ਹੇ ਨੂੰ ਚਲਾਉਣ ਅਤੇ ਠੀਕ ਕਰਨ ਦੀ ਕੋਸ਼ਿਸ਼ ਦੌਰਾਨ ਅਚਾਨਕ ਗੈਸ ਨੇ ਅੱਗ ਫੜ ਲਈ ਅਤੇ ਜ਼ੋਰਦਾਰ ਧਮਾਕਾ ਹੋ ਗਿਆ।
ਧਮਾਕੇ ਵਿੱਚ ਦਿਵਾਕਰ ਕੁਮਾਰ, ਉਨ੍ਹਾਂ ਦੀ ਪਤਨੀ ਮੰਨੂ ਕੁਮਾਰੀ, ਦੋ ਬੱਚਿਆਂ ਸਮੇਤ ਕੁੱਲ 8 ਲੋਕ ਝੁਲਸ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਅਫਰਾ-ਤਫਰੀ ਮਚ ਗਈ ਅਤੇ ਸਥਾਨਕ ਲੋਕ ਤੁਰੰਤ ਮਦਦ ਲਈ ਮੌਕੇ ‘ਤੇ ਪਹੁੰਚ ਗਏ। ਲੋਕਾਂ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ।
ਸਿਵਲ ਹਸਪਤਾਲ ਵਿੱਚ ਡਿਊਟੀ ’ਤੇ ਤਾਇਨਾਤ ਡਾਕਟਰਾਂ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਦੋ ਬੱਚਿਆਂ ਨੂੰ ਅੱਗ ਕਾਰਨ ਜ਼ਿਆਦਾ ਸੱਟਾਂ ਲੱਗੀਆਂ ਹਨ, ਜਦੋਂ ਕਿ ਬਾਕੀ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਘਟਨਾ ਦੌਰਾਨ ਕਮਰੇ ਵਿੱਚ ਰੱਖਿਆ ਘਰੇਲੂ ਸਮਾਨ ਵੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੀ ਟੀਮ ਨੇ ਸਮਾਂ ਰਹਿੰਦੇ ਮੌਕੇ ‘ਤੇ ਪਹੁੰਚ ਕੇ ਅੱਗ ਨੂੰ ਹੋਰ ਫੈਲਣ ਤੋਂ ਰੋਕ ਲਿਆ।



