ਆਪ ਨੂੰ ਵੱਡਾ ਝਟਕਾ ! ਮਹਿਲਾ ਵਿੰਗ ਪ੍ਰਧਾਨ ਅਤੇ ਹਲਕਾ ਕੋਆਰਡੀਨੇਟਰ ਸਾਥੀਆਂ ਸਮੇਤ ਕਾਂਗਰਸ ‘ਚ ਸ਼ਾਮਲ

ਪੰਜਾਬ
  • ਆਪ ਨੂੰ ਵੱਡਾ ਝਟਕਾ ! ਮਹਿਲਾ ਵਿੰਗ ਪ੍ਰਧਾਨ ਅਤੇ ਹਲਕਾ ਕੋਆਰਡੀਨੇਟਰ ਸਾਥੀਆਂ ਸਮੇਤ ਕਾਂਗਰਸ ‘ਚ ਸ਼ਾਮਲ
  • ਦੋ ਆਜ਼ਾਦ ਕੌਂਸਲਰ (MC) ਵੀ ਕਾਂਗਰਸ ਵਿੱਚ ਹੋਏ ਸ਼ਾਮਲ
  • ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਵਿੱਚ ਕਰਵਾਇਆ ਸ਼ਾਮਲ,

ਮੋਰਿੰਡਾ 8 ਜੂਨ (ਭਟੋਆ) : ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਉਸ ਵੇਲੇ ਬਹੁਤ ਵੱਡਾ ਸਿਆਸੀ ਝਟਕਾ ਲੱਗਿਆ, ਜਦੋਂ ‘ਆਪ’ ਦੀ ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਮਨਜੀਤ ਕੌਰ ਅਤੇ ਹਲਕਾ ਕੋਆਰਡੀਨੇਟਰ ਰਮਨਜੀਤ ਕੌਰ ਨੇ ਸੱਤਾਧਾਰੀ ਪਾਰਟੀ ਨੂੰ ਅਲਵਿਦਾ ਆਖਦਿਆਂ ਆਪਣੇ ਦਰਜਨਾਂ ਸਾਥੀਆਂ ਸਮੇਤ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਇਸ ਦੇ ਨਾਲ ਹੀ ਨਗਰ ਕੌਂਸਲ ਮੋਰਿੰਡਾ ਦੇ ਦੋ ਆਜ਼ਾਦ ਐਮ.ਸੀ. (ਕੌਂਸਲਰ) ਸੁਰਿੰਦਰ ਕੌਰ ਅਤੇ ਮਨਦੀਪ ਸਿੰਘ ਬਾਜਵਾ ਨੇ ਵੀ ਅੱਜ ਰਸਮੀ ਤੌਰ ‘ਤੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ।
ਇਹਨਾਂ ਸਾਰੇ ਆਗੂਆਂ ਨੂੰ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ (ਐਮ.ਪੀ.) ਚਰਨਜੀਤ ਸਿੰਘ ਚੰਨੀ ਨੇ ਵਿਸ਼ੇਸ਼ ਤੌਰ ‘ਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਸਿਰੋਪਾਓ ਪਾ ਕੇ ਉਹਨਾਂ ਦਾ ਸਵਾਗਤ ਕੀਤਾ।

ਇਸ ਮੌਕੇ ਤੇ ਇਕੱਤਰ ਕਾਂਗਰਸੀ ਆਗੂਆ, ਵਰਕਰਾਂ ਤੇ ਨਵੇ ਚੁਣੇ ਗਏ ਕੌਸਲਰਾਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਜ਼ਮੀਨੀ ਪੱਧਰ ‘ਤੇ ਵਰਕਰਾਂ ਦੀ ਹੋ ਰਹੀ ਅਣਦੇਖੀ ਕਾਰਨ ਅੱਜ ‘ਆਪ’ ਦੇ ਪੁਰਾਣੇ ਅਤੇ ਮਿਹਨਤੀ ਆਗੂ ਪਾਰਟੀ ਛੱਡਣ ਲਈ ਮਜਬੂਰ ਹੋ ਰਹੇ ਹਨ। ਉਹਨਾਂ ਦਾਅਵਾ ਕੀਤਾ ਕਿ ਮੋਰਿੰਡਾ ਵਿੱਚ ‘ਆਪ’ ਦੀ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਹਲਕਾ ਕੋਆਰਡੀਨੇਟਰ ਦੇ ਕਾਂਗਰਸ ਵਿੱਚ ਆਉਣ ਨਾਲ ਇਲਾਕੇ ਅੰਦਰ ਕਾਂਗਰਸ ਪਾਰਟੀ ਨੂੰ ਬੇਹੱਦ ਮਜ਼ਬੂਤੀ ਮਿਲੇਗੀ। ਇਸ ਤੋਂ ਇਲਾਵਾ ਦੋ ਆਜ਼ਾਦ ਕੌਂਸਲਰਾਂ ਦੇ ਆਉਣ ਨਾਲ ਸ਼ਹਿਰੀ ਖੇਤਰ ਵਿੱਚ ਵੀ ਕਾਂਗਰਸ ਦਾ ਪਲੜਾ ਭਾਰੀ ਹੋ ਗਿਆ ਹੈ। ਚੰਨੀ ਨੇ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।

ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ‘ਆਪ’ ਦੀ ਸਾਬਕਾ ਮਹਿਲਾ ਵਿੰਗ ਪ੍ਰਧਾਨ ਮਨਜੀਤ ਕੌਰ ਅਤੇ ਹਲਕਾ ਕੋਆਰਡੀਨੇਟਰ ਰਮਨਜੀਤ ਕੌਰ ਨੇ ਕਿਹਾ ਕਿ ਉਹਨਾਂ ਨੇ ਲੰਮਾ ਸਮਾਂ ਆਮ ਆਦਮੀ ਪਾਰਟੀ ਲਈ ਦਿਨ-ਰਾਤ ਮਿਹਨਤ ਕੀਤੀ ਸੀ, ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਪਾਰਟੀ ਅੰਦਰ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਹਲਕੇ ਦੇ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਪਏ ਹਨ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਲਾਕੇ ਵਿੱਚ ਕਰਵਾਏ ਗਏ ਰਿਕਾਰਡ ਤੋੜ ਵਿਕਾਸ ਕਾਰਜਾਂ ਅਤੇ ਉਹਨਾਂ ਦੀ ਲੋਕ-ਪੱਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਹੀ ਉਹਨਾਂ ਨੇ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਬੀਬੀ ਮਨਜੀਤ ਕੌਰ ਤੇ ਰਮਨਜੀਤ ਕੌਰ ਨੇ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੀਆਂ।
ਇਸ ਮੌਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਦੋਵੇਂ ਆਜ਼ਾਦ ਕੌਂਸਲਰਾਂ ਸੁਰਿੰਦਰ ਕੌਰ ਅਤੇ ਮਨਦੀਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਨੂੰ ਗਤੀ ਦੇਣ ਲਈ ਸਾਬਕਾ ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨਾਲ ਚੱਲਣਗੇ। ਇਸ ਸਿਆਸੀ ਉਲਟਫੇਰ ਤੋਂ ਬਾਅਦ ਹਲਕਾ ਮੋਰਿੰਡਾ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਅਤੇ ਇਸ ਨੂੰ ਸੱਤਾਧਾਰੀ ਧਿਰ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਪਨਗਰੇਨ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾ ਜਿਲਾ ਪਰਿਸ਼ਦ ਮੈਂਬਰ ਗੁਰਵਿੰਦਰ ਸਿੰਘ ਕਕਰਾਲੀ ਕਾਂਗਰਸ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਲੱਕੀ ਬਲਾ ਕਾਂਗਰਸ ਪ੍ਰਧਾਨ ਦਰਸ਼ਨ ਸਿੰਘ ਸੰਧੂ ਸ਼ਹਿਰੀ ਪ੍ਰਧਾਨ ਧਰਮਪਾਲ ਥੰਮਣ ਸੀਨੀਅਰ ਕੌਂਸਲਰ ਮਹਿੰਦਰ ਸਿੰਘ ਢਿੱਲੋ ਹਰਜੋਤ ਸਿੰਘ ਰੰਗਰਾਲੀ ਕੌਂਸਲਰ ਰਜੇਸ਼ ਕੁਮਾਰ ਸਿਸੋਦੀਆ ਹਰਜਿੰਦਰ ਸਿੰਘ ਛਿਬਰ ਨੇਹਾ ਸ਼ਰਮਾ ਗੂੰਜਮ ਸੂਦ, ਚੂਚੂ ਸੋਧ ਰਾਹੁਲ ਸ਼ਰਮਾ ਗੁਰੂ ਗਿੱਲ ਠੇਕੇਦਾਰ ਬਲਬੀਰ ਸਿੰਘ ਲਾਲਾ ਲੱਕੀ ਕਨੋਜੀਆ ਅਤੇ ਗੁਰਚਰਨ ਸਿੰਘ ਮਾਣੇ ਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।