- ਰੋਜ਼-ਦੀ-ਰੋਜ਼ ਕਮਾ ਕੇ ਖਾਣ ਵਾਲਿਆਂ ਨਾਲ ਲੁੱਟਾਂ-ਖੋਹਾਂ ਕਰਨ ਵਾਲੇ 3 ਗ੍ਰਿਫ਼ਤਾਰ
- ਮੁਲਜ਼ਮ ਹਥਿਆਰ, ਨਕਦੀ ਅਤੇ ਮੋਟਰਸਾਈਕਲ ਸਮੇਤ ਕਾਬੂ
ਮੋਰਿੰਡਾ 5 ਜੁਲਾਈ (ਭਟੋਆ): ਜਿਲਾ ਰੂਪਨਗਰ ਦੇ ਸੀਨੀਅਰ ਕਪਤਾਨ ਪੁਲਿਸ ਮਨਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਐਸ.ਪੀ. ਗੁਰਜੀਤ ਸਿੰਘ ਦੀ ਰਹਿਨੁਮਾਈ ਹੇਠ, ਪੁਲਿਸ ਥਾਣਾ ਸਿਟੀ ਮੋਰਿੰਡਾ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਨੇ ਲੁੱਟ-ਖੋਹ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
SHO ਇੰਸਪੈਕਟਰ ਗਗਨਦੀਪ ਸਿੰਘ ਵੱਲੋ ਜਾਰੀ ਪ੍ਰੈਸ ਨੋਟ ਅਨੁਸਾਰ, 3 ਜੁਲਾਈ ਨੂੰ ਪਿੰਡ ਕਜੌਲੀ ਭਾਖੜਾ ਨਹਿਰ ਦੀ ਪਟੜੀ ‘ਤੇ ਸੂਏ ਤੋਂ 700-800 ਗਜ਼ ਅੱਗੇ ਦੁਰਗੇਸ਼ ਕੁਮਾਰ ਅਤੇ ਗੌਰਵ (ਵਾਸੀਆਨ ਮੋਹਾਲੀ) ਸਮੇਤ ਹੋਰ ਵਿਅਕਤੀ ਨਹਾ ਰਹੇ ਸਨ। ਇਸੇ ਦੌਰਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਤਿੰਨ ਨਾ-ਮਾਲੂਮ ਵਿਅਕਤੀਆਂ ਨੇ ਕਿਰਚ (ਤੇਜ਼ਧਾਰ ਹਥਿਆਰ) ਦਿਖਾ ਕੇ ਦੁਰਗੇਸ਼ ਕੁਮਾਰ ਅਤੇ ਗੌਰਵ ਕੋਲੋਂ ਇੱਕ ਚਾਂਦੀ ਦੀ ਚੈਨੀ, ਇੱਕ ਮੋਬਾਇਲ ਫ਼ੋਨ ਅਤੇ 10,000 ਰੁਪਏ ਨਕਦ ਖੋਹ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਉਪਰੰਤ ਪੀੜਤਾਂ ਨੇ ਥਾਣੇ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ।
ਜਿਸ ਉਪਰੰਤ ਪੁਲਿਸ ਨੇ SHO ਇੰਸਪੈਕਟਰ ਗਗਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆ ਥਾਣਾ ਸਿਟੀ ਮੋਰਿੰਡਾ ਵਿਖੇ ਮਾਮਲਾ ਦਰਜ ਕਰਕੇ ਪੁਲਿਸ ਨੇ ਖੁਫ਼ੀਆ ਸੋਰਸਾਂ ਅਤੇ ਤਫ਼ਤੀਸ਼ ਦੇ ਆਧਾਰ ‘ਤੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨਾ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਰਨ ਕੁਮਾਰ ਪੁੱਤਰ ਭੋਲਾ ਰਾਮ, ਵਾਸੀ ਬਲਦੇਵ ਨਗਰ, ਮੋਰਿੰਡਾ, ਰਾਹੁਲ ਪੁੱਤਰ ਵਿਜੈ ਕੁਮਾਰ, ਵਾਸੀ ਵਾਰਡ ਨੰਬਰ 10, ਨੂਨਗਰ ਮੁਹੱਲਾ, ਮੋਰਿੰਡਾ ਅਤੇ ਜਸ਼ਨਦੀਪ ਸਿੰਘ ਉਰਫ਼ ਚੋਬਰ ਪੁੱਤਰ ਬਲਵੀਰ ਸਿੰਘ, ਵਾਸੀ ਪਾਲਮ ਇਨਕਲੇਵ ਮੋਰਿੰਡਾ, ਵਜੋ ਹੋਈ ਹੈ।
ਉਨਾ ਦੱਸਿਆ ਕੀ ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਕੋਲੋਂ ਖੋਹਿਆ ਹੋਇਆ ਸਾਮਾਨ ਇੱਕ ਚਾਂਦੀ ਦੀ ਚੈਨੀ,ਇੱਕ ਮੋਬਾਇਲ ਫ਼ੋਨ ਅਤੇ 7,000 ਰੁਪਏ ਦੀ ਨਕਦੀ, ਵਾਰਦਾਤ ਵੇਲੇ ਵਰਤਿਆ ਗਿਆ ਮੋਟਰਸਾਈਕਲ ਅਤੇ ਵਾਰਦਾਤ ਦੌਰਾਨ ਵਰਤਿਆ ਗਿਆ ਹਥਿਆਰ (ਕਿਰਚ) ਬਰਾਮਦ ਕਰ ਲਿਆ ਗਿਆ ਹੈ।
ਇੰਸਪੈਕਟਰ ਗਗਨਦੀਪ ਸਿੰਘ ਅਨੁਸਾਰ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਰੂਪਨਗਰ ਦੀ ਅਦਾਲਤ ਵਿਖੇ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਤਾਂ ਜੋ ਪੁੱਛਗਿੱਛ ਦੌਰਾਨ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਹੋਰ ਲੁੱਟਾਂ-ਖੋਹਾਂ ਬਾਰੇ ਪਤਾ ਲਗਾਇਆ ਜਾ ਸਕੇ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਤਸਕਰੀ ਦੇ ਹੋਰ ਲਿੰਕਾਂ ਦਾ ਵੀ ਪਤਾ ਲਗਾਇਆ ਜਾ ਸਕੇ।



