World Breaking: ਅਮਰੀਕਾ ਨੇ ਫਿਰ ਕੀਤਾ ਈਰਾਨ ‘ਤੇ ਵੱਡਾ ਹਮਲਾ!
ਵਾਸ਼ਿੰਗਟਨ, 9 ਜੁਲਾਈ 2026
ਅਮਰੀਕਾ ਅਤੇ ਈਰਾਨ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਿਹਾ ਤਣਾਅ ਹੁਣ ਖੁੱਲ੍ਹੀ ਜੰਗ ਵਿੱਚ ਬਦਲ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਿੱਧੇ ਆਦੇਸ਼ਾਂ ਤੋਂ ਬਾਅਦ, ਅਮਰੀਕੀ ਫੌਜ ਨੇ ਈਰਾਨ ਦੇ ਕਈ ਰਣਨੀਤਕ ਅਤੇ ਮਹੱਤਵਪੂਰਨ ਟਿਕਾਣਿਆਂ ‘ਤੇ ਭਾਰੀ ਹਮਲੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਹਮਲਿਆਂ ਨੇ ਪੂਰੇ ਮੱਧ ਪੂਰਬੀ ਖੇਤਰ ਵਿੱਚ ਯੁੱਧ ਦੇ ਬੱਦਲ ਗੂੜ੍ਹੇ ਕਰ ਦਿੱਤੇ ਹਨ।
ਅਮਰੀਕੀ ਸੈਂਟਰਲ ਕਮਾਂਡ ਨੇ ਭਾਰਤੀ ਸਮੇਂ ਅਨੁਸਾਰ ਰਾਤ 1.45 ਵਜੇ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕੀਤੀ। ਹਮਲੇ ਵਿੱਚ ਈਰਾਨ ਦੇ ਰਣਨੀਤਕ ਤੌਰ ‘ਤੇ ਅਹਿਮ ਟਿਕਾਣਿਆਂ ਜਿਵੇਂ ਕਿ ਚਾਬਹਾਰ ਪੋਰਟ, ਅਬੂ ਮੂਸਾ ਆਈਲੈਂਡ, ਬੰਦਰ ਅੱਬਾਸ, ਸਿਰਿਕ, ਬੁਸ਼ਹਿਰ ਅਤੇ ਕੋਨਾਰਕ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਮਲੇ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਚਾਬਹਾਰ ਬੰਦਰਗਾਹ ਸਮੇਤ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ।
ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਕੀਤਾ ਕਿ ਇਹ ਕਾਰਵਾਈ ‘ਸਟ੍ਰੇਟ ਆਫ ਹੋਰਮੁਜ਼’ ਵਿੱਚ ਵਪਾਰਕ ਜਹਾਜ਼ਾਂ ‘ਤੇ ਹੋਏ ਬੰਬ ਧਮਾਕਿਆਂ ਦਾ ਬਦਲਾ ਹੈ। ਉਨ੍ਹਾਂ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹੀ ਹਰਕਤ ਦੁਬਾਰਾ ਹੋਈ, ਤਾਂ ਇਸ ਦੇ ਨਤੀਜੇ ਹੋਰ ਵੀ ਭਿਆਨਕ ਹੋਣਗੇ। ਜ਼ਿਕਰਯੋਗ ਹੈ ਕਿ 17 ਜੂਨ ਨੂੰ ਦੋਵਾਂ ਦੇਸ਼ਾਂ ਵਿਚਾਲੇ ਹੋਇਆ ਸ਼ਾਂਤੀ ਸਮਝੌਤਾ (MoU) ਸਟ੍ਰੇਟ ਆਫ ਹੋਰਮੁਜ਼ ਦੇ ਨਿਯੰਤਰਣ ਨੂੰ ਲੈ ਕੇ ਟੁੱਟ ਗਿਆ ਸੀ।
ਹੈਰਾਨੀਜਨਕ ਗੱਲ ਇਹ ਹੈ ਕਿ ਇਹ ਹਮਲੇ ਉਸ ਸਮੇਂ ਕੀਤੇ ਗਏ ਹਨ ਜਦੋਂ ਈਰਾਨ ਆਪਣੇ ਸੁਪਰੀਮ ਲੀਡਰ ਅਲੀ ਖਾਮੇਨੇਈ ਦੀ ਅੰਤਿਮ ਵਿਦਾਈ ਦੀਆਂ ਤਿਆਰੀਆਂ ਕਰ ਰਿਹਾ ਹੈ। ਅੱਜ ਹੀ ਉਨ੍ਹਾਂ ਨੂੰ ਮਸ਼ਹਦ ਸ਼ਹਿਰ ਵਿੱਚ ਸਪੁਰਦ-ਏ-ਖਾਕ ਕੀਤਾ ਜਾਣਾ ਹੈ। ਇਸ ਦੌਰਾਨ ਈਰਾਨ ਨੇ ਆਪਣਾ ਏਅਰ ਡਿਫੈਂਸ ਸਿਸਟਮ ਸਰਗਰਮ ਕਰ ਦਿੱਤਾ ਹੈ। ਈਰਾਨੀ ਲੀਡਰਸ਼ਿਪ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਅਮਰੀਕਾ ਨੂੰ ‘ਕੜੀ ਸਜ਼ਾ’ ਦੇਣ ਦੀ ਧਮਕੀ ਦਿੱਤੀ ਹੈ।
8 ਜੁਲਾਈ ਨੂੰ ਹੋਈਆਂ ਫੌਜੀ ਝੜਪਾਂ ਤੋਂ ਬਾਅਦ ਹੁਣ ਇਹ ਵੱਡਾ ਹਮਲਾ ਵਿਸ਼ਵ ਸ਼ਾਂਤੀ ਲਈ ਇੱਕ ਵੱਡਾ ਖਤਰਾ ਬਣ ਗਿਆ ਹੈ। ਪੂਰੀ ਦੁਨੀਆ ਦੀ ਨਜ਼ਰ ਹੁਣ ਇਸ ਗੱਲ ‘ਤੇ ਟਿਕੀ ਹੈ ਕਿ ਈਰਾਨ ਇਸ ਦਾ ਜਵਾਬ ਕਿਵੇਂ ਦਿੰਦਾ ਹੈ ਅਤੇ ਕੀ ਇਹ ਟਕਰਾਅ ਇੱਕ ਵਿਆਪਕ ਯੁੱਧ ਦਾ ਰੂਪ ਧਾਰਨ ਕਰੇਗਾ।



