ਮਾਨਸੂਨ ‘ਚ ਵਧ ਰਹੀਆਂ ਬੀਮਾਰੀਆਂ ਦਰਮਿਆਨ ‘ਮੁੱਖ ਮੰਤਰੀ ਸਿਹਤ ਯੋਜਨਾ’ ਸਮੇਂ ਸਿਰ ਨਕਦੀ ਰਹਿਤ ਇਲਾਜ ਯਕੀਨੀ ਬਣਾ ਰਹੀ

Top Trending News ਪੰਜਾਬ
  • ਮਾਨਸੂਨ ‘ਚ ਵਧ ਰਹੀਆਂ ਬੀਮਾਰੀਆਂ ਦਰਮਿਆਨ ‘ਮੁੱਖ ਮੰਤਰੀ ਸਿਹਤ ਯੋਜਨਾ’ ਸਮੇਂ ਸਿਰ ਨਕਦੀ ਰਹਿਤ ਇਲਾਜ ਯਕੀਨੀ ਬਣਾ ਰਹੀ
  • ਪੰਜਾਬ ਸਰਕਾਰ ਬੁਖ਼ਾਰ, ਡੇਂਗੂ, ਮਲੇਰੀਆ ਤੇ ਹੋਰ ਬੀਮਾਰੀਆਂ ਦਾ ਸਾਰਾ ਖ਼ਰਚ ਚੁੱਕ ਰਹੀ: ਮੁੱਖ ਮੰਤਰੀ ਸਿਹਤ ਯੋਜਨਾ ਮਾਨਸੂਨ ਬੀਮਾਰੀਆਂ ਲਈ ਮੁਫ਼ਤ ਇਲਾਜ ਮੁਹੱਈਆ ਕਰਵਾ ਰਹੀ ਹੈ
  • ’ਮੁੱਖ ਮੰਤਰੀ ਸਿਹਤ ਯੋਜਨਾ’ ਨੇ ਹਸਪਤਾਲ ਦੇ ਬਿੱਲ ਦੀ ਚਿੰਤਾ ਤੋਂ ਮੁਕਤ ਕਰਕੇ ਮੇਰੇ ਇਲਾਜ ਵਿੱਚ ਵੱਡੀ ਮਦਦ ਕੀਤੀ: ਲਾਭਪਾਤਰੀ ਬਲਵਿੰਦਰ ਕੌਰ
  • ਯੋਗ ਪਰਿਵਾਰ ਮਾਨਸੂਨ ਦੌਰਾਨ ‘ਮੁੱਖ ਮੰਤਰੀ ਸਿਹਤ ਯੋਜਨਾ’ ਅਧੀਨ ਸਮੇਂ ਸਿਰ ਕੈਸ਼ਲੈੱਸ ਇਲਾਜ ਲੈ ਸਕਦੇ ਹਨ: ਡਾ. ਬਲਬੀਰ ਸਿੰਘ
  • ਪਹਿਲੇ 48 ਘੰਟੇ ਅਤਿ ਮਹੱਤਵਪੂਰਨ, ਮਾਨਸੂਨ ਦੌਰਾਨ ਬੁਖ਼ਾਰਾਂ ਵਿੱਚ ਜਲਦੀ ਡਾਕਟਰੀ ਜਾਂਚ ਗੰਭੀਰ ਸਿਹਤ ਸਥਿਤੀਆਂ ਤੋਂ ਬਚਾ ਸਕਦੀ ਹੈ: ਡਾ. ਰਾਜ ਕੁਮਾਰ, ਐੱਮ.ਡੀ. ਮੈਡੀਸਨ

ਚੰਡੀਗੜ੍ਹ, 11 ਜੁਲਾਈ 2026 (ਦੇਸ਼ ਕਲਿੱਕ ਬਿਊਰੋ): ਮਾਨਸੂਨ ਦੀਆਂ ਪਹਿਲੀਆਂ ਬੂੰਦਾਂ ਗਰਮੀ ਤੋਂ ਰਾਹਤ ਦਿੰਦੀਆਂ ਹਨ, ਪਰ ਇਸ ਨਾਲ ਲੋਕਾਂ ਦੀ ਸਿਹਤ ਲਈ ਚੁਣੌਤੀ ਭਰੇ ਮੌਸਮ ਦੀ ਸ਼ੁਰੂਆਤ ਵੀ ਹੁੰਦੀ ਹੈ। ਹਰ ਸਾਲ ਪੂਰੇ ਭਾਰਤ ਦੇ ਹਸਪਤਾਲਾਂ ਵਿਚ ਡੇਂਗੂ, ਮਲੇਰੀਆ ਤੇ ਬੁਖ਼ਾਰ ਨਾਲ ਸਬੰਧਤ ਹੋਰ ਬੀਮਾਰੀਆਂ ਵਧਦੀਆਂ ਹਨ। ਇਸ ਸਾਲ ਵੀ ਇਹੀ ਹਾਲਾਤ ਹਨ।

ਅੰਮ੍ਰਿਤਸਰ ਦੀ 32 ਸਾਲਾ ਬਲਵਿੰਦਰ ਕੌਰ, ਇੱਕ ਲਾਭਪਾਤਰੀ, ਨੇ ਦੱਸਿਆ, “ਮੈਂ ਹਾਲ ਹੀ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 8400 ਰੁਪਏ ਦਾ ਇਲਾਜ ਕਰਵਾਇਆ ਹੈ।”

ਬਲਵਿੰਦਰ ਕੌਰ ਨੂੰ ਉਦੋਂ ਹਸਪਤਾਲ ਲਿਜਾਇਆ ਗਿਆ ਜਦੋਂ ਉਸ ਦਾ ਬੁਖ਼ਾਰ ਬਹੁਤ ਵਧ ਗਿਆ ਸੀ। ਉਸ ਨੇ ਕਿਹਾ, “ਹਸਪਤਾਲ ਸਟਾਫ਼ ਨੇ ਮੈਨੂੰ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਰਜਿਸਟਰ ਕਰਵਾਉਣ ‘ਚ ਮਦਦ ਕੀਤੀ। ਮੈਂ ਕੱਪੜੇ ਸਿਲਾਈ ਨਾਲ ਆਪਣਾ ਗੁਜ਼ਾਰਾ ਕਰਦੀ ਹਾਂ, ਇਸ ਯੋਜਨਾ ਨੇ ਸਮੇਂ ਸਿਰ ਇਲਾਜ ਤੇ ਆਰਥਿਕ ਮਦਦ ਨਾਲ ਮੇਰਾ ਬੋਝ ਘਟਾਇਆ ਅਤੇ ਮੈਂ ਆਪਣੀ ਰਿਕਵਰੀ ‘ਤੇ ਧਿਆਨ ਦੇ ਸਕੀ। ਮੈਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਇਸ ਸਿਹਤ ਯੋਜਨਾ ਲਈ ਧੰਨਵਾਦੀ ਹਾਂ, ਕਿਉਂਕਿ ਇਹ ਅਸਲ ਲੋੜ ਵੇਲੇ ਪਰਿਵਾਰਾਂ ਦਾ ਸਾਥ ਦਿੰਦੀ ਹੈ।”

2025 ਵਿੱਚ ਵਿੱਚ ਕੀਤੇ ਗਏ ਇੱਕ ਭਾਰਤੀ ਹਸਪਤਾਲ ਅਧਿਐਨ ਵਿੱਚ ਪਾਇਆ ਗਿਆ ਕਿ ਮਾਨਸੂਨ ਦੌਰਾਨ ਦਾਖ਼ਲ ਕੀਤੇ ਗਏ ਮਰੀਜ਼ਾਂ ਵਿੱਚ ਐਕਿਊਟ ਫੈਬਰਾਈਲ ਇਲਨੈੱਸ ਦਾ ਸਭ ਤੋਂ ਆਮ ਕਾਰਨ ਡੇਂਗੂ ਸੀ। ਇਹ ਨਤੀਜੇ ਦਰਸਾਉਂਦੇ ਹਨ ਕਿ ਸਮੇਂ ਸਿਰ ਜਾਂਚ ਅਤੇ ਤੁਰੰਤ ਇਲਾਜ ਬਹੁਤ ਜ਼ਰੂਰੀ ਹਨ, ਕਿਉਂਕਿ ਮਾਨਸੂਨ ਨਾਲ ਜੁੜੀਆਂ ਕਈ ਬੀਮਾਰੀਆਂ ਦੀ ਸ਼ੁਰੂਆਤ ਇੱਕੋ ਜਿਹੇ ਲੱਛਣਾਂ ਨਾਲ ਹੁੰਦੀ ਹੈ।

ਡਾਕਟਰ ਲੋਕਾਂ ਨੂੰ ਲਗਾਤਾਰ ਹੋ ਰਹੇ ਬੁਖ਼ਾਰ ਨੂੰ ਨਜ਼ਰਅੰਦਾਜ਼ ਨਾ ਕਰਨ ਦੀ ਅਪੀਲ ਕਰ ਰਹੇ ਹਨ, ਜਦਕਿ ਪੰਜਾਬ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਯੋਗ ਪਰਿਵਾਰਾਂ ਨੂੰ ਬਿਨਾਂ ਹਸਪਤਾਲ ਬਿਲ ਦੀ ਚਿੰਤਾ ਤੋਂ ਕੈਸ਼ਲੈੱਸ ਇਲਾਜ ਮੁਹੱਈਆ ਕਰਵਾ ਰਹੀ ਹੈ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਮੱਛਰਾਂ ਤੇ ਪਾਣੀ ਰਾਹੀਂ ਫ਼ੈਲਣ ਵਾਲੀਆਂ ਮੌਸਮੀ ਬੀਮਾਰੀਆਂ ‘ਚ ਹੋਣ ਵਾਲੇ ਵਾਧੇ ਨਾਲ ਨਜਿੱਠਣ ਲਈ ਨਿਗਰਾਨੀ, ਹਸਪਤਾਲ ਤਿਆਰੀ ਤੇ ਟੈਸਟਿੰਗ ਸਹੂਲਤਾਂ ਮਜ਼ਬੂਤ ਕੀਤੀਆਂ ਹਨ। ਉਨ੍ਹਾਂ ਲੋਕਾਂ ਨੂੰ ਸਾਧਾਰਨ ਰੋਕਥਾਮ ਵਾਲੇ ਉਪਾਅ ਅਪਣਾਉਣ ਦੀ ਅਪੀਲ ਕੀਤੀ, ਜਿਵੇਂ ਆਲੇ-ਦੁਆਲੇ ਖੜ੍ਹੇ ਪਾਣੀ ਨੂੰ ਸਾਫ਼ ਕਰਨਾ ਤੇ ਬੁਖਾਰ ਦੇ ਪਹਿਲੇ ਲੱਛਣ ਵੇਖਦਿਆਂ ਹੀ ਡਾਕਟਰੀ ਸਲਾਹ ਲੈਣਾ।

ਡਾ. ਬਲਬੀਰ ਸਿੰਘ ਨੇ ਕਿਹਾ,“ਪਾਣੀ ਰਾਹੀਂ ਫੈਲਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਜਿੱਥੇ ਮੱਛਰ ਪੈਦਾ ਹੋਣ ਤੋਂ ਰੋਕਣ ਵਿੱਚ ਹਰ ਪਰਿਵਾਰ,ਸਕੂਲ ਤੇ ਭਾਈਚਾਰੇ ਦੀ ਆਪਣੀ ਭੂਮਿਕਾ ਹੈ। ਉੱਥੇ ਅਸੀਂ ਲੋਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਯੋਗ ਲਾਭਪਾਤਰੀ ਬਿਨਾਂ ਖ਼ਰਚੇ ਦੀ ਫ਼ਿਕਰ ਤੋਂ ਸਮੇਂ ਸਿਰ ਇਲਾਜ ਕਰਵਾ ਸਕਦੇ ਹਨ।”

ਡਾ. ਰਾਜ ਕੁਮਾਰ (ਐੱਮ.ਡੀ. ਮੈਡੀਸਨ), ਸੀਨੀਅਰ ਮੈਡੀਕਲ ਅਫ਼ਸਰ, ਕਮਿਊਨਿਟੀ ਹੈਲਥ ਸੈਂਟਰ, ਵੇਰਕਾ, ਪੰਜਾਬ ਨੇ ਕਿਹਾ ਕਿ ਮਰੀਜ਼ ਅਕਸਰ ਹਰ ਬੁਖ਼ਾਰ ਨੂੰ ਆਮ ਵਾਇਰਲ ਇਨਫੈਕਸ਼ਨ ਸਮਝ ਲੈਣ ਦੀ ਗ਼ਲਤੀ ਕਰਦੇ ਹਨ। ਉਨ੍ਹਾਂ ਕਿਹਾ,“ਹਰ ਮਾਨਸੂਨ ਅਸੀਂ ਅਜਿਹੇ ਮਰੀਜ਼ ਦੇਖਦੇ ਹਾਂ ਜੋ ਤਿੰਨ-ਚਾਰ ਦਿਨ ਘਰ ਬੈਠੇ ਆਪਣਾ ਇਲਾਜ ਆਪ ਕਰਨ ਤੋਂ ਬਾਅਦ ਆਉਂਦੇ ਹਨ। ਉਸ ਵੇਲੇ ਤੱਕ ਉਨ੍ਹਾਂ ਵਿੱਚ ਡੀਹਾਈਡ੍ਰੇਸ਼ਨ ਜਾਂ ਡੇਂਗੂ ਦੇ ਚਿਤਾਵਨੀ ਲੱਛਣ ਨਜ਼ਰ ਆਉਣ ਲੱਗਦੇ ਹਨ। ਇੱਕ ਸਧਾਰਨ ਖ਼ੂਨ ਦਾ ਟੈਸਟ ਤੇ ਜਲਦੀ ਇਲਾਜ ਗੰਭੀਰ ਸਿਹਤ ਜਟਿਲਤਾਵਾਂ ਤੋਂ ਬਚਾ ਸਕਦਾ ਹੈ। ਪਹਿਲੇ 48 ਘੰਟੇ ਬੇਹੱਦ ਮਹੱਤਵਪੂਰਨ ਹੁੰਦੇ ਹਨ।”

ਉਨ੍ਹਾਂ ਅੱਗੇ ਕਿਹਾ ਕਿ ਬਰਸਾਤੀ ਮੌਸਮ ਵਿੱਚ ਡੇਂਗੂ ਇੱਕੋ-ਇੱਕ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ,“ਮਾਨਸੂਨ ਵਿੱਚ ਮਲੇਰੀਆ, ਟਾਇਫ਼ਾਈਡ, ਵਾਇਰਲ ਹੈਪੇਟਾਈਟਿਸ ਤੇ ਐਕਿਊਟ ਗੈਸਟ੍ਰੋਐਂਟਰਾਈਟਿਸ ਵੀ ਆਮ ਹਨ। ਲੱਛਣ ਇੱਕੋ ਜਿਹੇ ਹੋਣ ਕਰਕੇ ਲੋਕਾਂ ਨੂੰ ਖ਼ੁਦ ਦਵਾਈ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਬੁਖ਼ਾਰ ਲਗਾਤਾਰ ਰਹਿਣ ‘ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਸਮੇਂ ਸਿਰ ਜਾਂਚ ‘ਚ ਹੀ ਮਰੀਜ਼ ਦਾ ਬਚਾ ਹੈ।”

ਡਾ. ਰਾਜ ਕੁਮਾਰ ਨੇ ਅੱਗੇ ਇਹ ਵੀ ਕਿਹਾ ,”ਸ਼ੁਰੂਆਤੀ ਪੜਾਅ ਵਿੱਚ ਇਸ ਤਰ੍ਹਾਂ ਦੇ ਬੁਖ਼ਾਰਾਂ ਦਾ ਇਲਾਜ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਦੇ ਨਾਲ-ਨਾਲ ਪ੍ਰਾਈਮਰੀ ਹੈਲਥ ਸੈਂਟਰਾਂ (ਪੀਐਚਸੀ) ਵਿੱਚ ਵੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੁਰੱਖਿਅਤ ਤੇ ਪ੍ਰਭਾਵੀ ਢੰਗ ਨਾਲ ਕੀਤਾ ਜਾ ਸਕਦਾ ਹੈ।”

ਉਨ੍ਹਾਂ ਕਿਹਾ ਕਿ ਜਲਦੀ ਜਾਂਚ ਤੇ ਸਮੇਂ ਸਿਰ ਇਲਾਜ ਨਾਲ ਜਟਿਲਤਾਵਾਂ ਘੱਟ ਹੁੰਦੀਆਂ ਹਨ ਤੇ ਵੱਡੇ ਹਸਪਤਾਲਾਂ ਵਿੱਚ ਰੈਫ਼ਰਲ ਦੀ ਲੋੜ ਘਟਦੀ ਹੈ।

ਸਟੇਟ ਹੈਲਥ ਏਜੰਸੀ (ਐਸਐਚਏ) ਵੱਲੋਂ ਸਾਂਝੇ ਕੀਤੇ ਗਏ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਾਜ਼ਾ ਅੰਕੜੇ ਮੌਸਮੀ ਰੁਝਾਨ ਨੂੰ ਦਰਸਾਉਂਦੇ ਹਨ। 6 ਜੁਲਾਈ 2026 ਤੱਕ ਦੇ ਅੰਕੜਿਆਂ ਮੁਤਾਬਕ, ਐਕਿਊਟ ਫੈਬਰਾਈਲ ਇਲਨੈੱਸ (ਤੀਬਰ ਬੁਖ਼ਾਰ ਵਾਲੀ ਬੀਮਾਰੀ ) ਇਸ ਯੋਜਨਾ ਤਹਿਤ ਇਲਾਜ ਕੀਤੀਆਂ ਜਾਣ ਵਾਲੀਆਂ ਸਭ ਤੋਂ ਆਮ ਬੀਮਾਰੀਆਂ ਵਿੱਚੋਂ ਇੱਕ ਰਹੀ।

ਮਰੀਜ਼ਾਂ ਦਾ ਇਲਾਜ ਕਮਿਊਨਿਟੀ ਹੈਲਥ ਸੈਂਟਰਾਂ, ਸਬ-ਡਿਵੀਜ਼ਨਲ ਹਸਪਤਾਲਾਂ, ਜ਼ਿਲ੍ਹਾ ਹਸਪਤਾਲਾਂ ਤੇ ਇੰਪੈਨਲਡ ਪ੍ਰਾਈਵੇਟ ਹਸਪਤਾਲਾਂ ਵਿੱਚ ਕੀਤਾ ਗਿਆ। ਮਰੀਜ਼ ਦੀ ਹਾਲਤ ਅਨੁਸਾਰ ਬੁਖ਼ਾਰ ਵਾਲੀਆਂ ਬੀਮਾਰੀਆਂ ਲਈ ਇਲਾਜ ਪੈਕੇਜ 2100 ਤੋਂ 8400 ਰੁਪਏ ਤੱਕ ਹਨ।

ਮਲੇਰੀਆ, ਐਕਿਊਟ ਗੈਸਟ੍ਰੋਐਂਟਰਾਈਟਿਸ, ਤੇਜ਼ ਬੁਖ਼ਾਰ ਤੇ ਵਾਇਰਲ ਹੈਪੇਟਾਈਟਿਸ ਦੇ ਮਾਮਲੇ ਵੀ ਦਰਜ ਹੋਏ ਹਨ, ਜਿਸ ਤੋਂ ਸਾਫ਼ ਹੈ ਕਿ ਮਾਨਸੂਨ ਬੀਮਾਰੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ।

ਬੁਖ਼ਾਰ ਨਾਲ ਸਬੰਧਤ ਕਲੇਮ ਫਾਜ਼ਿਲਕਾ, ਮੋਗਾ, ਸੰਗਰੂਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਵਰਗੇ ਜ਼ਿਲ੍ਹਿਆਂ ਤੋਂ ਆਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕ ਵੱਡੇ ਸ਼ਹਿਰਾਂ ਵਿਚ ਜਾਣ ਤੋਂ ਬਿਨਾਂ ਆਪਣੇ ਨੇੜੇ ਹੀ ਇਲਾਜ ਕਰਵਾ ਰਹੇ ਹਨ।

ਇਸਦੇ ਨਾਲ ਹੀ ਅੰਕੜਿਆਂ ਤੋਂ ਯੋਜਨਾ ਦੀ ਵਿਸ਼ਾਲ ਪਹੁੰਚ ਵੀ ਉਜਾਗਰ ਹੋਈ ਹੈ। ਵੱਡੀ ਗਿਣਤੀ ਵਿੱਚ ਲਾਭਪਾਤਰੀਆਂ ਨੇ ਮੌਸਮੀ ਬੁਖ਼ਾਰ ਦਾ ਇਲਾਜ ਕਰਵਾਇਆ, ਉੱਥੇ ਹੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਡਾਇਲਿਸਿਸ, ਦਿਲ ਦੀਆਂ ਇਲਾਜ ਪ੍ਰਕਿਰਿਆਵਾਂ, ਇੰਟੈਂਸਿਵ ਕੇਅਰ ਤੇ ਹੋਰ ਮਹਿੰਗੇ ਇਲਾਜ ਵੀ ਉਸੇ ਦਿਨ ਕਵਰ ਕੀਤੇ। ਬੁਖ਼ਾਰ ਦੇ ਇਲਾਜ ਲਈ ਕੁਝ ਹਜ਼ਾਰ ਰੁਪਏ ਵਾਲੇ ਪੈਕੇਜਾਂ ਤੋਂ ਲੈ ਕੇ ਜ਼ਿੰਦਗੀ ਬਚਾਉਣ ਵਾਲੀਆਂ ਦਿਲ ਨਾਲ ਸੰਬੰਧਿਤ ਸੇਵਾਵਾਂ ਤੱਕ, ਇਹ ਯੋਜਨਾ ਆਮ ਬੀਮਾਰੀਆਂ ਤੋਂ ਲੈ ਕੇ ਐਮਰਜੈਂਸੀ ਸਥਿਤੀਆਂ ਤੱਕ ਪਰਿਵਾਰਾਂ ਲਈ ਇੱਕ ਮਜ਼ਬੂਤ ਸਹਾਰਾ ਬਣ ਰਹੀ ਹੈ।

ਡਾ. ਰਾਜ ਕੁਮਾਰ ਸਲਾਹ ਦਿੰਦੇ ਹਨ ਕਿ ਲੋਕ ਦੋ ਦਿਨ ਤੋਂ ਵੱਧ ਚੱਲ ਰਹੇ ਬੁਖ਼ਾਰ ਨੂੰ ਨਜ਼ਰਅੰਦਾਜ਼ ਨਾ ਕਰਨ, ਖ਼ਾਸ ਕਰਕੇ ਜੇਕਰ ਇਸ ਨਾਲ ਤੀਬਰ ਸਰੀਰ ਦਰਦ, ਲਗਾਤਾਰ ਉਲਟੀਆਂ, ਪੇਟ-ਦਰਦ, ਖ਼ੂਨ ਵਗਣਾ, ਸਾਹ ਲੈਣ ਵਿੱਚ ਤਕਲੀਫ਼ ਜਾਂ ਅਚਾਨਕ ਕਮਜ਼ੋਰੀ ਦੀ ਸਮੱਸਿਆ ਹੋਵੇ।

ਉਨ੍ਹਾਂ ਨੇ ਕੂਲਰਾਂ,ਗਮਲਿਆਂ ਤੇ ਹੋਰ ਥਾਂਵਾਂ ਵਿੱਚ ਖੜ੍ਹਾ ਪਾਣੀ ਖਾਲੀ ਕਰਨ, ਮੱਛਰ ਰਿਪੈਲੈਂਟ ਵਰਤਣ, ਪੂਰੀਆਂ ਬਾਂਹਾਂ ਵਾਲੇ ਕੱਪੜੇ ਪਾਉਣ ਤੇ ਮਾਨਸੂਨ ਦੌਰਾਨ ਜ਼ਿਆਦਾ ਸਫ਼ਾਈ ਰੱਖਣ ਦੀ ਵੀ ਸਿਫ਼ਾਰਸ਼ ਕੀਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।