ਵੱਡੀ ਖ਼ਬਰ: ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਤੇ ਛਾਪੇਮਾਰੀ, 52 ਵਿਅਕਤੀਆਂ ਨੂੰ ਕੀਤਾ ਗਿਆ ਰੈਸਕਿਊ

Top Trending News ਪੰਜਾਬ

 

ਵੱਡੀ ਖ਼ਬਰ: ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਤੇ ਛਾਪੇਮਾਰੀ, 52 ਵਿਅਕਤੀਆਂ ਨੂੰ ਕੀਤਾ ਗਿਆ ਰੈਸਕਿਊ

ਤਰਨਤਾਰਨ, 12 ਜੁਲਾਈ 2026

ਤਰਨਤਾਰਨ ’ਚ ਕਥਿਤ ਤੌਰ ’ਤੇ ਚੱਲ ਰਹੇ ਅਣਅਧਿਕਾਰਤ ਨਸ਼ਾ ਛੁਡਾਊ ਕੇਂਦਰ ’ਤੇ ਸਿਹਤ ਵਿਭਾਗ, ਸਿਵਲ ਪ੍ਰਸ਼ਾਸਨ ਤੇ ਪੁਲਿਸ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਛਾਪੇਮਾਰੀ ਕੀਤੀ ਹੈ। ਜਿਥੇ ਇਲਾਜ ਲਈ ਰੱਖੇ ਗਏ 52 ਵਿਅਕਤੀਆਂ ਨੂੰ ਰੈਸਕਿਊ ਵੀ ਕੀਤਾ ਗਿਆ। ਜਿਨ੍ਹਾਂ ਨੂੰ ਠਰੂ ਵਿਖੇ ਚੱਲ ਰਹੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾ ਦਿੱਤਾ ਗਿਆ। ਮੌਕੇ ਤੋਂ ਤੰਬਾਕੂ ਪਦਾਰਥ, ਕੁਝ ਦਵਾਈਆਂ ਤੇ ਹੋਰ ਸਮੱਗਰੀ ਵੀ ਕਬਜ਼ੇ ਵਿਚ ਲਈ ਗਈ। ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਇਸ ਸਬੰਧੀ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ।

ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੂਪਮ ਚੌਧਰੀ ਨੇ ਦੱਸਿਆ ਕਿ ਤਰਨਤਾਰਨ ਸ਼ਹਿਰ ਦੀ ਹੌਲੀ ਸਿਟੀ ਕਾਲੋਨੀ ਦੇ ਕੋਲ ਅਣਅਧਿਕਾਰਤ ਨਸ਼ਾ ਛੁਡਾਊ ਕੇਂਦਰ ਚਲਾਏ ਜਾਣ ਦੀ ਸੂਚਨਾ ਮਿਲੀ ਸੀ। ਜਿਸਦੇ ਚੱਲਦਿਆਂ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਗਠਿਤ ਕੀਤੀ ਸਿਹਤ ਵਿਭਾਗ ਦੀ ਟੀਮ ਵਿਚ ਉਨ੍ਹਾਂ ਦੇ ਨਾਲ ਡਾ. ਜੋਬਨਪ੍ਰੀਤ ਸਿੰਘ ਮੈਡੀਕਲ ਅਫਸਰ, ਵਰਿੰਦਰ ਸਿੰਘ ਫਾਰਮੇਸੀ ਅਫਸਰ, ਡੀਐੱਮਸੀ ਦਫਤਰ ਦੇ ਕਾਉਂਸਲਰ ਪਰਮਿੰਦਰਪਾਲ ਸਿੰਘ ਅਤੇ ਸੁਰਜੀਤ ਵਰਮਾ ਨੂੰ ਸ਼ਾਮਲ ਕੀਤਾ ਗਿਆ।

ਜਦੋਂਕਿ ਤਹਿਸੀਲਦਾਰ ਅਰਚਨਾ ਸ਼ਰਮਾ, ਐੱਨਜੀਓ ’ਚ ਡਾ. ਸੁਖਦੇਵ ਸਿੰਘ ਲੋਹੁਕਾ ਅਤੇ ਥਾਣਾ ਸਿਟੀ ਤੋਂ ਗਗਨਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਸ਼ਾਮਲ ਹੋਈ। ਦੇਰ ਸ਼ਾਮ ਉਕਤ ਨਸ਼ਾ ਛੁਡਾਊ ਕੇਂਦਰ ’ਤੇ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਉਥੇ 52 ਮਰੀਜ਼ ਦਾਖਲ ਮਿਲੇ। ਜਿਨ੍ਹਾਂ ਦਾ ਇਲਾਜ ਬਿਨਾ ਕਿਸੇ ਯੋਗ ਡਾਕਟਰ ਤੇ ਲਾਇਸੰਸ ਦੇ ਕੀਤਾ ਜਾ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਕੇਂਦਰ ’ਚ ਕਿਸੇ ਸੇਵਾ ਸੰਸਥਾ ਦੇ ਨਾਂ ਦੇ ਦਸਤਾਵੇਜ਼ ਮਿਲੇ ਹਨ ਪਰ ਮੌਕੇ ’ਤੇ ਸੈਂਟਰ ਦਾ ਮਾਲਕ ਮੌਜੂਦ ਨਹੀਂ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਕੇਂਦਰ ਵਿੱਚੋਂ ਕੁਝ ਦਵਾਈਆਂ, ਤੰਬਾਕੂ ਅਤੇ ਟੀਕੇ ਆਦਿ ਮਿਲੇ ਹਨ। ਜਦੋਂਕਿ ਅਧਾਰ ਕਾਰਡ, ਮੋਬਾਈਲ ਫੋਨ ਅਤੇ ਸੀਸੀਟੀਵੀ ਸਿਸਟਮ ਵੀ ਲੱਗਾ ਮਿਲਿਆ ਹੈ। ਹਾਲਾਂਕਿ ਉਕਤ ਸੈਂਟਰ ਵਿੱਚੋਂ ਕੋਈ ਐੱਨਡੀਪੀਐੱਸ ਐਕਟ ਦੇ ਅਧੀਨ ਆਉਂਦੀ ਦਵਾਈ ਬਰਾਮਦ ਨਹੀਂ ਹੋਈ।

ਡੀਐੱਮਸੀ ਨੇ ਦੱਸਿਆ ਕਿ ਉਕਤ ਨਸ਼ਾ ਸ਼ੁਡਾਊ ਕੇਂਦਰ ਨੂੰ ਮੌਕੇ ’ਤੇ ਹੀ ਸੀਲ ਕਰਵਾ ਦਿੱਤਾ ਗਿਆ ਹੈ ਅਤੇ ਕੇਂਦਰ ਵਿੱਚੋਂ ਮਿਲੇ ਮਰੀਜ਼ਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ਠਰੂ ਵਿਚ ਤਬਦੀਲ ਕਰ ਕਰਵਾ ਦਿੱਤਾ ਗਿਆ ਹੈ। ਉੱਧਰ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਡਾ. ਰੂਪਮ ਚੌਧਰੀ ਵੱਲੋਂ ਜਾਰੀ ਸ਼ਿਕਾਇਤ ਦੇ ਅਧਾਰ ’ਤੇ ਕਵਲਜੀਤ ਸਿੰਘ ਵਾਸੀ ਮਾਣੋਚਾਹਲ ਨਾਮਕ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਲਈ ਏਐੱਸਆਈ ਅਮਰਜੀਤ ਸਿੰਘ ਦੀ ਡਿਊਟੀ ਲਗਾਈ ਗਈ ਹੈ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।