ਸੰਗਰੂਰ ‘ਚ ਦਿਨ-ਦਿਹਾੜੇ ਕਿਸਾਨ ਤੋਂ 62 ਹਜ਼ਾਰ ਦੀ ਲੁੱਟ
ਤੇਜ਼ਧਾਰ ਹਥਿਆਰ ਦੀ ਨੋਕ ‘ਤੇ ਦਿੱਤੀ ਵਾਰਦਾਤ ਨੂੰ ਅੰਜਾਮ
ਸੰਗਰੂਰ 12 ਜੁਲਾਈ 2026
ਸੰਗਰੂਰ ਦੇ ਧੂਰੀ ਰੋਡ ‘ਤੇ ਸਥਿਤ ਗੁਰਦਾਸਪੁਰਾ ਰਜਬਾਹੇ ਕੋਲ ਸ਼ਨਿੱਚਰਵਾਰ ਸ਼ਾਮ ਨੂੰ ਲੁੱਟ-ਖੋਹ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਦੀ ਨੋਕ ‘ਤੇ ਇੱਕ ਕਿਸਾਨ ਤੋਂ ਕਰੀਬ 62 ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਖੋਹ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਪੀੜਤ ਕਿਸਾਨ ਜਗਜੀਤ ਸਿੰਘ ਵਾਸੀ ਹਰੇੜੀ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਦਿਹਾੜੀ ਦੇਣ ਲਈ ਘਰੋਂ 60-62 ਹਜ਼ਾਰ ਰੁਪਏ ਲੈ ਕੇ ਨਿਕਲਿਆ ਸੀ। ਜਿਵੇਂ ਹੀ ਉਹ ਗੁਰਦਾਸਪੁਰਾ ਰਜਬਾਹੇ ਕੋਲ ਪਹੁੰਚਿਆ ਤਾਂ ਪਹਿਲਾਂ ਤੋਂ ਤਾਕ ਲਾਈ ਬੈਠੇ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਇੱਕ ਮੁਲਜ਼ਮ ਨੇ ਉਸ ਦੇ ਗਲੇ ‘ਤੇ ਤੇਜ਼ਧਾਰ ਦਾਤਰ ਰੱਖ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਦੀ ਜੇਬ ‘ਚੋਂ ਨਕਦੀ ਤੇ ਮੋਬਾਈਲ ਫੋਨ ਖੋਹ ਲਿਆ।
ਨੇੜਲੇ ਖੇਤ ਵਿੱਚ ਕੰਮ ਕਰ ਰਹੇ ਹੈਪੀ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਦੀਆਂ ਚੀਕਾਂ ਸੁਣ ਕੇ ਜਦੋਂ ਉਹ ਮਦਦ ਲਈ ਭੱਜਿਆ, ਤਾਂ ਮੁਲਜ਼ਮਾਂ ਨੇ ਉਸ ਨੂੰ ਦੇਖਦਿਆਂ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼ਹਿਰ ਵੱਲ ਭੱਜ ਗਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਕੁਝ ਦਿਨ ਪਹਿਲਾਂ ਵੀ ਇੱਕ ਮਜ਼ਦੂਰ ਤੋਂ ਮੋਬਾਈਲ ਅਤੇ ਸਾਈਕਲ ਖੋਹਣ ਦੀ ਘਟਨਾ ਵਾਪਰੀ ਸੀ, ਜਿਸ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਸਹਿਮ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ (ਆਰ) ਦਲਬੀਰ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਸੰਗਰੂਰ, ਥਾਣਾ ਸਿਟੀ-1 ਅਤੇ ਥਾਣਾ ਸਦਰ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਡੀਐੱਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਫੜਨ ਲਈ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਇਲਾਕੇ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ।



