ਪੰਜਾਬ ਕਾਂਗਰਸ ‘ਚ ਫਿਰ ਭਖੀ ਸਿਆਸਤ: ‘ਸਾਨੂੰ ਕਮਜ਼ੋਰ ਲੀਡਰ ਨਹੀਂ ਚਾਹੀਦਾ’, ਬਘੇਲ ਦੀ ਮੀਟਿੰਗ ‘ਚ ਚੰਨੀ ਧੜੇ ਦੇ ਦੋ ਟੁੱਕ ਬੋਲ

Top Trending News ਪੰਜਾਬ

 

ਪੰਜਾਬ ਕਾਂਗਰਸ ‘ਚ ਫਿਰ ਭਖੀ ਸਿਆਸਤ: ‘ਸਾਨੂੰ ਕਮਜ਼ੋਰ ਲੀਡਰ ਨਹੀਂ ਚਾਹੀਦਾ’, ਬਘੇਲ ਦੀ ਮੀਟਿੰਗ ‘ਚ ਚੰਨੀ ਧੜੇ ਦੇ ਦੋ ਟੁੱਕ ਬੋਲ

ਚੰਡੀਗੜ੍ਹ, 12 ਜੁਲਾਈ 2026-

ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਪੰਜਾਬ ਦੌਰੇ ਦੇ ਆਖਰੀ ਦਿਨ ਸੂਬਾ ਸਿਆਸਤ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ। ਭੂਪੇਸ਼ ਬਘੇਲ ਦੀ ਪੰਜਾਬ ਤੋਂ ਵਾਪਸੀ ਤੋਂ ਠੀਕ ਪਹਿਲਾਂ ਚਰਨਜੀਤ ਸਿੰਘ ਚੰਨੀ ਧੜੇ ਨੇ ਦੋ ਟੁੱਕ ਲਫ਼ਜ਼ਾਂ ਵਿੱਚ ਹਾਈਕਮਾਂਡ ਅੱਗੇ ਆਪਣੀ ਮੰਗ ਰੱਖ ਦਿੱਤੀ ਹੈ। ਚੰਨੀ ਧੜੇ ਦੇ ਆਗੂਆਂ ਨੇ ਸਾਫ਼ ਕਿਹਾ, “ਸਾਨੂੰ ਕਮਜ਼ੋਰ ਲੀਡਰ ਨਹੀਂ ਚਾਹੀਦਾ।” ਪੰਜਾਬ ਇੰਚਾਰਜ ਅਤੇ ਚੰਨੀ ਧੜੇ ਵਿਚਾਲੇ ਇਹ ਅਹਿਮ ਮੀਟਿੰਗ ਕਰੀਬ ਦੋ ਘੰਟੇ ਚੱਲੀ।

ਇਸ ਹਾਈ-ਪ੍ਰੋਫਾਈਲ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਗੈਰ-ਹਾਜ਼ਰ ਰਹੇ, ਜਦਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਰਾਜਾ ਵੜਿੰਗ ਦੀ ਗੈਰ-ਹਾਜ਼ਰੀ ਵਿੱਚ ਚੰਨੀ ਧੜੇ ਦੇ ਆਗੂਆਂ ਨੇ ਬਘੇਲ ਨੂੰ ਕਾਂਗਰਸ ਵਰਕਰਾਂ ਦੀਆਂ ਅਸਲ ਭਾਵਨਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਇਆ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡੇ ਬਿਆਨ ਦਿੱਤੇ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀ ਇਕਜੁੱਟਤਾ ਨਾਲ ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਠੱਲ੍ਹ ਪਾ ਸਕਦੀ ਹੈ, ਪਰ ਇਸ ਲਈ ਲੀਡਰ ਦਾ ਮਜ਼ਬੂਤ ਹੋਣਾ ਲਾਜ਼ਮੀ ਹੈ। ਰੰਧਾਵਾ ਨੇ ਕਿਹਾ:

“ਕਾਂਗਰਸ ਨੂੰ ਠੋਕ ਕੇ ਬੋਲਣ ਵਾਲਾ ਲੀਡਰ ਚਾਹੀਦਾ ਹੈ, ਕੋਈ ਕਮਜ਼ੋਰ ਲੀਡਰ ਨਹੀਂ। ਅਸੀਂ ਪੰਜਾਬ ਇੰਚਾਰਜ ਨੂੰ ਵਰਕਰਾਂ ਦੇ ਮਨ ਦੀ ਗੱਲ ਦੱਸ ਦਿੱਤੀ ਹੈ। ਮੀਟਿੰਗ ਵਿੱਚ ਬਹੁਤ ਖੁੱਲ੍ਹ ਕੇ ਚਰਚਾ ਹੋਈ ਹੈ ਅਤੇ ਕਈ ਵਾਰ ਪਾਰਟੀ ਨੂੰ (ਵਰਕਰਾਂ ਦੀ ਆਵਾਜ਼ ਸੁਣ ਕੇ) ਆਪਣੇ ਫ਼ੈਸਲੇ ਵਾਪਸ ਵੀ ਲੈਣੇ ਪੈਂਦੇ ਹਨ।”

ਉਨ੍ਹਾਂ ਦੱਸਿਆ ਕਿ ਅੱਜ ਦੀ ਇਸ ਅਹਿਮ ਬੈਠਕ ਵਿੱਚ ਪੰਜਾਬ ਦੇ 92 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਵਾਲੇ ਉਮੀਦਵਾਰ ਅਤੇ ਮੌਜੂਦਾ ਐੱਮ.ਐੱਲ.ਏ. ਸ਼ਾਮਲ ਹੋਏ ਸਨ।

ਦੂਜੇ ਪਾਸੇ, ਮੀਟਿੰਗ ਤੋਂ ਬਾਅਦ ਪੰਜਾਬ ਇੰਚਾਰਜ ਭੂਪੇਸ਼ ਬਘੇਲ ਨੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਹਾਈਕਮਾਂਡ ਦੇ ਫ਼ੈਸਲੇ ‘ਤੇ ਕਿਸੇ ਵੀ ਆਗੂ ਨੂੰ ਕੋਈ ਇਤਰਾਜ਼ ਨਹੀਂ ਹੈ ਅਤੇ ਪੰਜਾਬ ਕਾਂਗਰਸ ਵਿੱਚ ਕੋਈ ਨਾਰਾਜ਼ਗੀ ਨਹੀਂ ਹੈ। ਬਘੇਲ ਨੇ ਕਿਹਾ ਕਿ ਉਹ ਪੰਜਾਬ ਤੋਂ ਰਵਾਨਾ ਹੋਣ ਤੋਂ ਬਾਅਦ ਇੱਥੋਂ ਮਿਲੀ ਸਾਰੀ ਫ਼ੀਡਬੈਕ ਹਾਈਕਮਾਂਡ ਦੇ ਸਾਹਮਣੇ ਰੱਖਣਗੇ।

ਦੱਸਣਯੋਗ ਹੈ ਕਿ ਇਸ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ ਸਿੰਘ, ਅਰੁਣਾ ਚੌਧਰੀ, ਪਰਗਟ ਸਿੰਘ, ਪ੍ਰਤਾਪ ਸਿੰਘ ਬਾਜਵਾ ਅਤੇ ਸੰਗਤ ਸਿੰਘ ਗਿਲਜ਼ੀਆਂ ਸਮੇਤ ਕਈ ਦਿੱਗਜ ਆਗੂ ਮੌਜੂਦ ਸਨ। ਹੁਣ ਦੇਖਣਾ ਹੋਵੇਗਾ ਕਿ ਇਸ ਫ਼ੀਡਬੈਕ ਤੋਂ ਬਾਅਦ ਦਿੱਲੀ ਦਰਬਾਰ ਪੰਜਾਬ ਕਾਂਗਰਸ ਨੂੰ ਲੈ ਕੇ ਕੀ ਫ਼ੈਸਲਾ ਲੈਂਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।