- ਭਿਆਨਕ ਸੜਕ ਹਾਦਸੇ ‘ਚ ਬੀ.ਟੈੱਕ ਦੀ ਵਿਦਿਆਰਥਣ ਦੀ ਮੌਤ
ਮੋਰਿੰਡਾ, 12 ਜੁਲਾਈ (ਭਟੋਆ): ਚੰਡੀਗੜ੍ਹ-ਮੋਰਿੰਡਾ ਰੋਡ ’ਤੇ ਪਿੰਡ ਮੜੌਲੀ ਕਲਾਂ ਵਿਖੇ ਟਾਟਾ ਹਿਟਾਚੀ ਕੰਪਨੀ ਦੇ ਨੇੜੇ ਇੱਕ ਤੇਜ਼ ਰਫ਼ਤਾਰ ਆਈ-20 ਕਾਰ ਦੇ ਬੇਕਾਬੂ ਹੋ ਕੇ ਪਲਟਣ ਕਾਰਨ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਪੜ੍ਹਦੀ 19 ਸਾਲਾ ਵਿਦਿਆਰਥਣ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਹੈ। ਮੋਰਿੰਡਾ ਸਿਟੀ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ.ਐੱਸ.ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ 9 ਜੁਲਾਈ ਦੀ ਰਾਤ ਨੂੰ ਕਰੀਬ 10:15 ਵਜੇ ਵਾਪਰਿਆ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਅਮਿਤ ਕੁਮਾਰ ਤਿਆਗੀ ਵਾਸੀ ਗੋਬਿੰਦਪੁਰਮ, ਗਾਜ਼ੀਆਬਾਦ (ਉੱਤਰ ਪ੍ਰਦੇਸ਼) ਨੇ ਦੱਸਿਆ ਕਿ ਉਨ੍ਹਾਂ ਦੀ 19 ਸਾਲਾ ਲੜਕੀ ਤਨਵੀ ਤਿਆਗੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਬੀ.ਟੈੱਕ ਤੀਜੇ ਸਾਲ ਦੀ ਵਿਦਿਆਰਥਣ ਸੀ ਅਤੇ ਯੂਨੀਵਰਸਿਟੀ ਨੇੜੇ ਸਟਾਰ ਸਿਟੀ ਵਿੱਚ ਪੀ.ਜੀ. ਵਿੱਚ ਰਹਿੰਦੀ ਸੀ।
ਹਾਦਸੇ ਵਾਲੀ ਰਾਤ ਤਨਵੀ ਤਿਆਗੀ ਆਪਣੇ ਇੱਕ ਦੋਸਤ ਜਗਤੇਸ਼ਵਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਕਾਲਜ ਰੋਡ, ਰੂਪਨਗਰ ਨਾਲ ਹੁੰਡਈ ਆਈ-20 ਕਾਰ ਨੰਬਰ CH-01-CD-7778 ਵਿੱਚ ਜਾ ਰਹੀ ਸੀ। ਕਾਰ ਨੂੰ ਜਗਤੇਸ਼ਵਰ ਸਿੰਘ ਚਲਾ ਰਿਹਾ ਸੀ। ਜਦੋਂ ਉਹ ਮੋਰਿੰਡਾ ਨੇੜੇ ਪਿੰਡ ਮੜੌਲੀ ਕਲਾਂ ਕੋਲ ਪਹੁੰਚੇ ਤਾਂ ਕਾਰ ਬੇਕਾਬੂ ਹੋਣ ਕਾਰਨ ਸੜਕ ਉੱਤੇ ਪਲਟ ਗਈ।
ਉਨਾ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਦੋਵਾਂ ਨੂੰ ਸਰਸਵਤੀ ਮੈਡੀਕਲ ਕਾਲਜ ਘੜੂੰਆਂ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਨਵੀ ਤਿਆਗੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਕਾਰ ਚਾਲਕ ਜਗਤੇਸ਼ਵਰ ਸਿੰਘ ਦੇ ਸੱਟਾਂ ਲੱਗਣ ਕਾਰਨ ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ। ਮ੍ਰਿਤਕਾ ਦੇ ਪਿਤਾ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਕਾਰ ਚਾਲਕ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਅਤੇ ਇਹ ਹਾਦਸਾ ਉਸ ਦੀ ਲਾਪਰਵਾਹੀ ਤੇ ਤੇਜ਼ ਰਫ਼ਤਾਰੀ ਕਾਰਨ ਵਾਪਰਿਆ ਹੈ, ਜਿਸ ਕਾਰਨ ਉਨ੍ਹਾਂ ਦੀ ਲੜਕੀ ਦੀ ਜਾਨ ਚਲੀ ਗਈ। ਪੀੜਤ ਪਰਿਵਾਰ ਨੇ ਮੁਲਜ਼ਮ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਜਾਂਚ ਅਧਿਕਾਰੀ ਏ.ਐੱਸ.ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਵਿਖੇ ਰਖਵਾਇਆ ਗਿਆ ਹੈ। ਮ੍ਰਿਤਕਾ ਦੇ ਪਿਤਾ ਅਮਿਤ ਕੁਮਾਰ ਤਿਆਗੀ ਦੇ ਬਿਆਨਾਂ ਦੇ ਆਧਾਰ ’ਤੇ ਕਾਰ ਚਾਲਕ ਜਗਤੇਸ਼ਵਰ ਸਿੰਘ ਖ਼ਿਲਾਫ਼ ਥਾਣਾ ਸਿਟੀ ਮੋਰਿੰਡਾ ਵਿਖੇ BNS ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।



