ਸਫ਼ਾਈ ਸੇਵਕਾਂ ਦੀ ਹੜਤਾਲ ਜਾਰੀ; ਕੂੜੇ ਦੇ ਢੇਰਾਂ ਅਤੇ ਬਦਬੂ ਕਾਰਨ ਲੋਕ ਪ੍ਰੇਸ਼ਾਨ

Top Trending News ਪੰਜਾਬ

 

ਸਫ਼ਾਈ ਸੇਵਕਾਂ ਦੀ ਹੜਤਾਲ ਜਾਰੀ; ਕੂੜੇ ਦੇ ਢੇਰਾਂ ਅਤੇ ਬਦਬੂ ਕਾਰਨ ਲੋਕ ਪ੍ਰੇਸ਼ਾਨ

ਰੂਪਨਗਰ (ਰੋਪੜ), 13 ਜੁਲਾਈ 2026- ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕਾਂ ਵੱਲੋਂ ਵਿੱਢੀ ਗਈ ਹੜਤਾਲ ਅੱਜ ਪੰਜਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਸ਼ਹਿਰ ਦੇ ਗਲੀ-ਮਹੱਲਿਆਂ ਵਿੱਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ। ਦੂਜੇ ਪਾਸੇ, ਹਲਕੀ ਬਾਰਿਸ਼ ਹੋਣ ਕਾਰਨ ਇਸ ਕੂੜੇ ਵਿੱਚੋਂ ਉੱਠ ਰਹੀ ਅਸਹਿ ਬਦਬੂ ਨੇ ਸ਼ਹਿਰ ਵਾਸੀਆਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਵੀ ਕਈ ਵਾਰ ਸੋਚਣਾ ਪੈ ਰਿਹਾ ਹੈ।

ਰੂਪਨਗਰ ਨਗਰ ਕੌਂਸਲ ਵਿਖੇ ਚੱਲ ਰਹੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਅਜੈ ਭੱਟੀ ਨੇ ਸੂਬਾ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸਰਕਾਰ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਲੈ ਕੇ ਬਿਲਕੁਲ ਵੀ ਗੰਭੀਰ ਨਹੀਂ ਹੈ। ਜਦੋਂ ਵੀ ਮੁਲਾਜ਼ਮ ਹੜਤਾਲ ਕਰਦੇ ਹਨ, ਤਾਂ ਸਰਕਾਰ ਝੂਠੇ ਲਾਰੇ ਅਤੇ ਵਾਅਦੇ ਕਰਕੇ ਹੜਤਾਲ ਖਤਮ ਕਰਵਾ ਦਿੰਦੀ ਹੈ, ਪਰ ਅਮਲੀ ਰੂਪ ਵਿੱਚ ਕੁਝ ਨਹੀਂ ਕੀਤਾ ਜਾਂਦਾ।

ਉਨ੍ਹਾਂ ਕਿਹਾ ਕਿ, “ਅਸੀਂ ਉਹ ਸਫ਼ਾਈ ਸੇਵਕ ਹਾਂ ਜਿਨ੍ਹਾਂ ਨੇ ਕੋਵਿਡ ਵਰਗੀ ਭਿਆਨਕ ਮਹਾਮਾਰੀ ਦੇ ਸਮੇਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦਿਨ-ਰਾਤ ਡਿਊਟੀ ਨਿਭਾਈ। ਜੇਕਰ ਰੂਪਨਗਰ ਦੀ ਗੱਲ ਕਰੀਏ, ਤਾਂ ਇਸ ਸ਼ਹਿਰ ਦੇ ਰੂਪ ਨੂੰ ਨਿਖਾਰ ਕੇ ਰੱਖਣ ਵਿੱਚ ਸਾਡੇ ਭਾਈਚਾਰੇ ਦਾ ਸਭ ਤੋਂ ਵੱਡਾ ਯੋਗਦਾਨ ਹੈ।”

ਯੂਨੀਅਨ ਆਗੂਆਂ ਨੇ ਕਿਹਾ ਕਿ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰਾਂ ਕਾਰਨ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਉਨ੍ਹਾਂ ਨੂੰ ਵੀ ਬਹੁਤ ਦੁੱਖ ਹੈ, ਪਰ ਉਹ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਹੜਤਾਲ ਕਰਨ ਲਈ ਮਜਬੂਰ ਹੋਏ ਹਨ। ਨਗਰ ਕੌਂਸਲ ਚੋਣਾਂ ਵੇਲੇ ਸਰਕਾਰ ਨੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ, ਜੋ ਹੁਣ ਹਵਾਈ ਸਾਬਤ ਹੋ ਰਿਹਾ ਹੈ। ਇਤਿਹਾਸ ਗਵਾਹ ਹੈ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਹੀ ਪੈਂਦਾ ਹੈ।

  1. ਉਨ੍ਹਾਂ ਦੱਸਿਆ ਕਿ ਅੱਜ 13 ਜੁਲਾਈ ਨੂੰ ਖਰੜ ਵਿਖੇ ਪੰਜਾਬ ਪੱਧਰ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਹੋ ਰਹੀ ਹੈ, ਜਿਸ ਵਿੱਚ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਅਗਲੇ ਤਿੱਖੇ ਸੰਘਰਸ਼ ਦੀ ਰਣਨੀਤੀ ਅਤੇ ਵਿਊਂਤਬੰਦੀ ਤਿਆਰ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।