ਭਾਰਤ-ਅਮਰੀਕਾ ਟ੍ਰੇਡ ਡੀਲ ਖਿਲਾਫ ਕਿਸਾਨਾਂ ਦਾ ਵੱਡਾ ਐਕਸ਼ਨ: 22 ਜੁਲਾਈ ਨੂੰ ਪੰਜਾਬ ਦੇ ਟੋਲ ਪਲਾਜੇ ਰਹਿਣਗੇ ਫਰੀ

Top Trending News ਪੰਜਾਬ

 

ਭਾਰਤ-ਅਮਰੀਕਾ ਟ੍ਰੇਡ ਡੀਲ ਖਿਲਾਫ ਕਿਸਾਨਾਂ ਦਾ ਵੱਡਾ ਐਕਸ਼ਨ: 22 ਜੁਲਾਈ ਨੂੰ ਪੰਜਾਬ ਦੇ ਟੋਲ ਪਲਾਜੇ ਰਹਿਣਗੇ ਫਰੀ

ਚੰਡੀਗੜ੍ਹ,13 ਜੁਲਾਈ 2026

ਭਾਰਤ ਅਤੇ ਅਮਰੀਕਾ ਵਿਚਾਲੇ ਹੋਣ ਜਾ ਰਹੀ ਸੰਭਾਵਿਤ ਟ੍ਰੇਡ ਡੀਲ (ਵਪਾਰਕ ਸਮਝੌਤੇ) ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਮੈਦਾਨ ਸੰਭਾਲ ਲਿਆ ਹੈ। ਕੁੱਲ ਹਿੰਦ ਕਿਸਾਨ ਸਭਾ ਵੱਲੋਂ ਇਸ ਡੀਲ ਖਿਲਾਫ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਆਉਂਦੀ 22 ਜੁਲਾਈ (ਬੁੱਧਵਾਰ) ਨੂੰ ਪੰਜਾਬ ਭਰ ਦੇ ਸਾਰੇ ਟੋਲ ਪਲਾਜੇ ਤਿੰਨ ਘੰਟਿਆਂ ਲਈ ਫਰੀ ਕੀਤੇ ਜਾਣਗੇ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਦੇ ਆਗੂਆਂ ਦੇ ਘਰਾਂ ਅੱਗੇ ਵੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਇਸ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾਈ ਕੌਂਸਲ ਦੀ ਵਿਸ਼ੇਸ਼ ਮੀਟਿੰਗ ਬਲਦੇਵ ਸਿੰਘ ਨਿਹਾਲਗੜ੍ਹ ਅਤੇ ਮਹਾਂਬੀਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਸਾਬਕਾ ਵਿਧਾਇਕ ਕਾ. ਹਰਦੇਵ ਅਰਸ਼ੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਕਿਸਾਨੀ ਸੰਘਰਸ਼ ਨੂੰ ਆਪਣੀ ਪੂਰਨ ਹਮਾਇਤ ਦਿੱਤੀ।

ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਕੇਂਦਰ ਸਰਕਾਰ ਨੂੰ ਅਮਰੀਕਾ ਨਾਲ ਅਜਿਹੀ ਕੋਈ ਵੀ ਟ੍ਰੇਡ ਸੰਧੀ ਨਹੀਂ ਕਰਨੀ ਚਾਹੀਦੀ, ਜਿਸ ਨਾਲ ਦੇਸ਼ ਦੇ ਅਰਥਚਾਰੇ ਨੂੰ ਢਾਹ ਲੱਗੇ। ਉਨ੍ਹਾਂ ਦਾ ਤਰਕ ਹੈ ਕਿ ਇਸ ਸਮਝੌਤੇ ਨਾਲ ਭਾਰਤੀ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦਾ ਵੱਡਾ ਨੁਕਸਾਨ ਹੋਵੇਗਾ ਅਤੇ ਦੇਸ਼ ਦੀ ਆਰਥਿਕ ਖੁਦਮੁਖਤਿਆਰੀ ਖਤਰੇ ਵਿੱਚ ਪੈ ਜਾਵੇਗੀ।

ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਸੂਬਾਈ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਪੰਜਾਬ ਨਾਲ ਵਿਤਕਰਾ ਬੰਦ ਕਰੇ। ਉਨ੍ਹਾਂ ਮੰਗ ਕੀਤੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵਿੱਚੋਂ ਖਤਮ ਕੀਤੀ ਗਈ ਪੰਜਾਬ ਦੀ ਪੱਕੀ ਨੁਮਾਇੰਦਗੀ ਨੂੰ ਤੁਰੰਤ ਬਹਾਲ ਕੀਤਾ ਜਾਵੇ।

ਇਸ ਤੋਂ ਇਲਾਵਾ ਮੀਟਿੰਗ ਵਿੱਚ ਸ਼ੇਰੋਂ ਖੰਡ ਮਿੱਲ ਮੋਰਚੇ ਦੀ ਹਮਾਇਤ ਵਿੱਚ ਇੱਕ ਅਹਿਮ ਮਤਾ ਵੀ ਪਾਸ ਕੀਤਾ ਗਿਆ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸ਼ੇਰੋਂ ਖੰਡ ਮਿੱਲ ਦੀ ਤਬਦੀਲ ਕੀਤੀ ਗਈ ਮਲਕੀਅਤ ਨੂੰ ਰੱਦ ਕਰਕੇ ਮਿੱਲ ਨੂੰ ਮੁੜ ਤੋਂ ਚਾਲੂ ਕੀਤਾ ਜਾਵੇ ਤਾਂ ਜੋ ਇਲਾਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਰਾਹਤ ਮਿਲ ਸਕੇ।

ਆਪਣੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਜਥੇਬੰਦੀ ਨੇ 1 ਅਗਸਤ ਤੋਂ 3 ਅਗਸਤ ਤੱਕ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਕਿਸਾਨ ਵਰਕਸ਼ਾਪ ਦਾ ਐਲਾਨ ਕੀਤਾ ਹੈ। ਇਸ ਵਰਕਸ਼ਾਪ ਵਿੱਚ ਖੇਤੀਬਾੜੀ ਅਤੇ ਪੰਜਾਬ ਦੇ ਮੌਜੂਦਾ ਮਸਲਿਆਂ ਦੇ ਮਾਹਿਰ ਵਿਦਵਾਨ ਸ਼ਾਮਲ ਹੋਣਗੇ, ਜੋ ਕਿਸਾਨਾਂ ਨੂੰ ਆਉਣ ਵਾਲੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਜਾਗਰੂਕ ਕਰਨਗੇ। ਕਿਸਾਨ ਆਗੂਆਂ ਨੇ ਸਮੂਹ ਵਰਗਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।