Punjab News: ਦੋ ਸਕੇ ਭਰਾਵਾਂ ਦੀ ਦਰਿਆ ਬਿਆਸ ‘ਚ ਡੁੱਬਣ ਨਾਲ ਮੌਤ

Top Trending News ਪੰਜਾਬ

 

Punjab News: ਦੋ ਸਕੇ ਭਰਾਵਾਂ ਦੀ ਦਰਿਆ ਬਿਆਸ ‘ਚ ਡੁੱਬਣ ਨਾਲ ਮੌਤ

ਰਈਆ, 14 ਜੁਲਾਈ 2026

ਜ਼ਿਲ੍ਹਾ ਅੰਮ੍ਰਿਤਸਰ ਦੇ ਅਧੀਨ ਪੈਂਦੇ ਪਿੰਡ ਭਲੋਜਲਾ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ ਜਦੋਂ ਦਰਿਆ ਬਿਆਸ ਵਿੱਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਇਹ ਘਟਨਾ ਇਲਾਕੇ ਵਿੱਚ ਸੋਗ ਦੀ ਲਹਿਰ ਲੈ ਕੇ ਆਈ ਹੈ।

ਮ੍ਰਿਤਕਾਂ ਦੇ ਚਾਚਾ ਗੱਜਣ ਸਿੰਘ ਨੇ ਰੋਂਦਿਆਂ ਹੋਇਆਂ ਜਾਣਕਾਰੀ ਦਿੱਤੀ ਕਿ ਘਰ ਵਿੱਚ ਲਗਾਤਾਰ ਖੁਸ਼ੀਆਂ ਦਾ ਮਾਹੌਲ ਸੀ। ਪਰਿਵਾਰ ਵੱਲੋਂ ਇੱਕ ਦਿਨ ਪਹਿਲਾਂ ਹੀ ਨਵੇਂ ਮਕਾਨ ਦਾ ਮਹੂਰਤ ਕੀਤਾ ਗਿਆ ਸੀ ਅਤੇ ਅੱਜ ਉਨ੍ਹਾਂ ਦਾ ਇੱਕ ਹੋਰ ਭਰਾ ਵਿਦੇਸ਼ ਲਈ ਰਵਾਨਾ ਹੋ ਰਿਹਾ ਸੀ। ਇਸੇ ਖੁਸ਼ੀ ਵਿੱਚ ਦੋਵੇਂ ਭਰਾ ਸੁਖਰਾਜ ਸਿੰਘ (16) ਅਤੇ ਪ੍ਰਿੰਸ (15) ਸਾਰੀ ਰਾਤ ਡੀਜੇ ‘ਤੇ ਨੱਚ-ਗਾ ਕੇ ਖੁਸ਼ੀ ਮਨਾਉਂਦੇ ਰਹੇ। ਅਗਲੇ ਦਿਨ ਉਹ ਦਰਿਆ ਬਿਆਸ ਦੇ ਕੰਢੇ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਸਨ।

ਪਰਿਵਾਰ ਮੁਤਾਬਕ, ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਦੋਵੇਂ ਭਰਾ ਦਰਿਆ ‘ਚ ਨਹਾਉਣ ਲਈ ਉਤਰੇ। ਇਸ ਦੌਰਾਨ ਛੋਟਾ ਭਰਾ ਪ੍ਰਿੰਸ ਡੂੰਘੇ ਪਾਣੀ ਵਿੱਚ ਜਾ ਡਿੱਗਿਆ ਅਤੇ ਡੁੱਬਣ ਲੱਗਾ। ਉਸਨੂੰ ਬਚਾਉਣ ਲਈ ਜਦੋਂ ਵੱਡੇ ਭਰਾ ਸੁਖਰਾਜ ਸਿੰਘ ਨੇ ਹੱਥ ਵਧਾਇਆ ਤਾਂ ਉਸੇ ਸਮੇਂ ਸੁਖਰਾਜ ਨੂੰ ਮਿਰਗੀ ਦਾ ਦੌਰਾ ਪੈ ਗਿਆ। ਨਤੀਜਾ ਇਹ ਹੋਇਆ ਕਿ ਦੋਵੇਂ ਭਰਾ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ।

ਪਿੰਡ ਵਾਸੀਆਂ ਅਤੇ ਪਰਿਵਾਰ ਵੱਲੋਂ ਦੋਵਾਂ ਦੀ ਭਾਲ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਵੱਡਾ ਭਰਾ ਸੁਖਰਾਜ ਸਿੰਘ ਅਖੰਡ ਪਾਠੀ ਸੀ, ਜਦਕਿ ਛੋਟਾ ਭਰਾ ਪ੍ਰਿੰਸ ਮਜ਼ਦੂਰੀ ਕਰਕੇ ਪਰਿਵਾਰ ਦਾ ਹੱਥ ਵਟਾਉਂਦਾ ਸੀ। ਅਚਾਨਕ ਵਾਪਰੇ ਇਸ ਭਾਣੇ ਨੇ ਪੂਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨਾਂ ਦੀ ਭਾਲ ਤੇਜ਼ ਕੀਤੀ ਜਾਵੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।