ਵੱਡੀ ਖ਼ਬਰ: ਪੰਜਾਬ ਪੁਲਿਸ ਨੇ ਫੜਿਆ ਜਾਅਲੀ IPS ਅਫ਼ਸਰ! ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼

Top Trending News ਪੰਜਾਬ

 

ਵੱਡੀ ਖ਼ਬਰ: ਪੰਜਾਬ ਪੁਲਿਸ ਨੇ ਫੜਿਆ ਜਾਅਲੀ IPS ਅਫ਼ਸਰ! ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼

ਸ਼ਾਹਕੋਟ, 14 ਜੁਲਾਈ 2026

ਸ਼ਾਹਕੋਟ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਜਾਅਲੀ ਆਈਪੀਐੱਸ (IPS) ਅਧਿਕਾਰੀ ਬਣ ਕੇ ਨੌਕਰੀ ਦਿਵਾਉਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਮੁਲਜ਼ਮ ਅਤੇ ਉਸਦੀ ਪਤਨੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਨੇ ਪੁਲਿਸ ਮਹਿਕਮੇ ਵਿੱਚ ਡੀਐੱਸਪੀ ਅਤੇ ਹੌਲਦਾਰ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਪੀੜਤਾਂ ਨਾਲ 31 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਸੀ।

ਡੀਐੱਸਪੀ ਸਬ-ਡਵੀਜ਼ਨ ਸ਼ਾਹਕੋਟ ਸਰਵਨ ਸਿੰਘ ਬੱਲ ਅਤੇ ਐੱਸਐੱਚਓ ਅਮਨ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਅਨਮੋਲ ਰਤਨ (ਵਾਸੀ ਕੋਟਲਾ ਸੁਲੇਮਾਨ, ਫਤਿਹਗੜ੍ਹ ਸਾਹਿਬ) ਨੇ ਰਵੀਨ ਕੌਰ (ਵਾਸੀ ਬਾਉਪੁਰ ਬੇਟ) ਨੂੰ ਡੀਐੱਸਪੀ ਅਤੇ ਉਸਦੇ ਭਰਾ ਹਰਦੀਪ ਸਿੰਘ ਨੂੰ ਹੌਲਦਾਰ ਭਰਤੀ ਕਰਵਾਉਣ ਦਾ ਲਾਲਚ ਦਿੱਤਾ ਸੀ। ਇਸ ਧੋਖਾਧੜੀ ਦੇ ਸਬੰਧ ਵਿੱਚ 17 ਜੁਲਾਈ 2025 ਨੂੰ ਥਾਣਾ ਸ਼ਾਹਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।

ਮੁਲਜ਼ਮ ਅਨਮੋਲ ਰਤਨ ਬੇਹੱਦ ਸ਼ਾਤਰ ਸੀ ਅਤੇ ਲਗਾਤਾਰ ਆਪਣੇ ਟਿਕਾਣੇ ਤੇ ਮੋਬਾਈਲ ਨੰਬਰ ਬਦਲ ਰਿਹਾ ਸੀ। ਪੁਲਿਸ ਨੇ ਟੈਕਨੀਕਲ ਸੈੱਲ ਦੀ ਮਦਦ ਨਾਲ 8 ਜੁਲਾਈ 2026 ਨੂੰ ਅਨਮੋਲ ਰਤਨ ਅਤੇ ਉਸਦੀ ਪਤਨੀ ਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਮੁਲਜ਼ਮ ਦਾ ਪਿਤਾ ਬਲਵਿੰਦਰ ਸਿੰਘ ਪਹਿਲਾਂ ਹੀ 23 ਜੂਨ 2026 ਤੋਂ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ।

ਪੁਲਿਸ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨੇ ਠੱਗੀ ਦੀ ਰਕਮ ਨਾਲ ਸ਼ਾਹਕੋਟ ਵਿੱਚ ਇੱਕ ਕੱਪੜਿਆਂ ਦੀ ਦੁਕਾਨ ਖੋਲ੍ਹੀ ਸੀ, ਜਿਸ ਵਿੱਚ 17 ਲੱਖ ਰੁਪਏ ਨਿਵੇਸ਼ ਕੀਤੇ ਗਏ। ਇਸ ਤੋਂ ਇਲਾਵਾ ਉਸਨੇ ਨਕੋਦਰ ਵਿੱਚ ਕੋਠੀ ਖਰੀਦਣ ਲਈ 10 ਲੱਖ ਰੁਪਏ ਅਤੇ ਕਾਰ ਖਰੀਦਣ ਲਈ ਵੀ ਵੱਡੀ ਰਕਮ ਖਰਚੀ ਸੀ।

ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਇੱਕ ਲੈਪਟਾਪ, ਮੋਬਾਈਲ ਫੋਨ, ਜਾਅਲੀ ਆਈਡੀ ਕਾਰਡ ਅਤੇ ਕਈ ਹੋਰ ਨਕਲੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ। ਪੁਲਿਸ ਨੂੰ ਉਮੀਦ ਹੈ ਕਿ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਹੋਰ ਵੀ ਕਈ ਅਹਿਮ ਖੁਲਾਸੇ ਹੋਣਗੇ ਅਤੇ ਪਤਾ ਲੱਗੇਗਾ ਕਿ ਉਸਨੇ ਹੋਰ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।