ਪੰਜਾਬ ‘ਚ ਸਫ਼ਰ ਕਰਨਾ ਹੋਇਆ ਮਹਿੰਗਾ; 8 ਟੋਲ ਪਲਾਜ਼ਿਆਂ ‘ਤੇ ਵਧੀਆਂ ਦਰਾਂ ਲਾਗੂ

Top Trending News ਪੰਜਾਬ

 

Travelling in Punjab! ਪੰਜਾਬ ‘ਚ ਸਫ਼ਰ ਕਰਨਾ ਹੋਇਆ ਮਹਿੰਗਾ; 8 ਟੋਲ ਪਲਾਜ਼ਿਆਂ ‘ਤੇ ਵਧੀਆਂ ਦਰਾਂ ਲਾਗੂ

ਚੰਡੀਗੜ੍ਹ, 15 ਜੁਲਾਈ 2026- ਪੰਜਾਬ ਅਤੇ ਹਰਿਆਣਾ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਸਫ਼ਰ (Travelling in Punjab) ਕਰਨ ਵਾਲੇ ਵਾਹਨ ਚਾਲਕਾਂ ਦੀ ਜੇਬ ‘ਤੇ ਬੋਝ ਵਧ ਗਿਆ ਹੈ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਨੇ ਦੋਵਾਂ ਰਾਜਾਂ ਦੇ ਅੱਠ ਪ੍ਰਮੁੱਖ ਟੋਲ ਪਲਾਜ਼ਿਆਂ ‘ਤੇ ਉਪਭੋਗਤਾ ਫੀਸ (ਟੋਲ ਟੈਕਸ) ਵਿੱਚ ਸੋਧ ਕੀਤੀ ਹੈ।

ਇਹ ਨਵੀਆਂ ਦਰਾਂ 14 ਜੁਲਾਈ ਤੋਂ ਲਾਗੂ ਹੋ ਚੁੱਕੀਆਂ ਹਨ। NHAI ਦੇ ਇਸ ਫੈਸਲੇ ਕਾਰਨ ਪੰਜਾਬ ਦੇ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਅਤੇ ਸੰਗਰੂਰ ਸਮੇਤ ਕਈ ਮੁੱਖ ਰੂਟਾਂ ‘ਤੇ ਨਿੱਜੀ ਕਾਰਾਂ ਅਤੇ ਹਲਕੇ ਮੋਟਰ ਵਾਹਨਾਂ (LMV) ਲਈ ਟੋਲ ਫੀਸ ₹5 ਤੋਂ ₹10 ਤੱਕ ਵਧ ਗਈ ਹੈ।

ਘੁਲਾਲ ਟੋਲ ਪਲਾਜ਼ਾ (ਚੰਡੀਗੜ੍ਹ-ਖਰੜ-ਲੁਧਿਆਣਾ) ‘ਤੇ ਇੱਥੇ ਕਾਰਾਂ ਲਈ ਇੱਕ ਪਾਸੇ ਦਾ ਟੋਲ ₹115 ਅਤੇ ਆਉਣ-ਜਾਣ (ਰਾਊਂਡ-ਟ੍ਰਿਪ) ਦਾ ਟੋਲ ₹170 ਹੋ ਗਿਆ ਹੈ। ਬੱਸਾਂ ਅਤੇ ਟਰੱਕਾਂ ਲਈ ਇਹ ਦਰਾਂ ਕ੍ਰਮਵਾਰ ₹390 ਅਤੇ ₹580 ਰਹਿਣਗੀਆਂ। ਕੋਟ ਕਰੋੜ ਟੋਲ (ਅੰਮ੍ਰਿਤਸਰ-ਬਠਿੰਡਾ) ‘ਤੇ ਕਾਰਾਂ ਲਈ ਇੱਕ ਪਾਸੇ ਦੀ ਫੀਸ ₹50 ਅਤੇ ਦੋਵਾਂ ਪਾਸਿਆਂ ਦੀ ₹70 ਤੈਅ ਕੀਤੀ ਗਈ ਹੈ। ਕਾਲਾ ਟਿੱਬਾ ਟੋਲ (ਅਬੋਹਰ-ਡਬਵਾਲੀ) ‘ਤੇ ਕਾਰਾਂ ਲਈ ਇੱਕ ਪਾਸੇ ਦਾ ਟੋਲ ₹50 ਅਤੇ ਦੋਵਾਂ ਪਾਸਿਆਂ ਦਾ ₹80 ਹੋਵੇਗਾ। ਬੱਸਾਂ/ਟਰੱਕਾਂ ਲਈ ਇਹ ₹175 ਅਤੇ ₹265 ਹੈ।

ਸ਼ੇਖੂਪੁਰਾ ਟੋਲ (ਮੌੜ-ਰੋਮਾਣਾ ਮੰਡੀ) ‘ਤੇ ਕਾਰਾਂ ਲਈ ਇੱਕ ਪਾਸੇ ₹55 ਅਤੇ ਰਾਊਂਡ-ਟ੍ਰਿਪ ਲਈ ₹85 ਦੇਣੇ ਪੈਣਗੇ। ਲਹਿਰਾਬੇਗਾ ਟੋਲ (ਤਪਾ-ਬਠਿੰਡਾ) ‘ਤੇ ਇੱਥੇ ਕਾਰਾਂ ਲਈ ਇੱਕ ਪਾਸੇ ਦੀ ਫੀਸ ₹80 ਅਤੇ ਦੋ ਪਾਸੇ ਲਈ ₹120 ਨਿਰਧਾਰਤ ਕੀਤੀ ਗਈ ਹੈ। ਖੂਈਆਂ ਸਰਵਰ ਟੋਲ (ਮਲੋਟ-ਅਬੋਹਰ) ‘ਤੇ ਕਾਰਾਂ ਲਈ ਟੋਲ ਫੀਸ ਇੱਕ ਪਾਸੇ ਲਈ ₹105 ਅਤੇ ਦੋ ਪਾਸੇ ਲਈ ₹155 ਹੋਵੇਗੀ। ਕਾਲਾਝਾਰ ਟੋਲ (ਪਟਿਆਲਾ ਬਾਈਪਾਸ) ‘ਤੇ ਕਾਰਾਂ ਲਈ ਇੱਕ ਪਾਸੇ ਦਾ ਟੋਲ ₹115 ਅਤੇ ਰਾਊਂਡ-ਟ੍ਰਿਪ ₹175 ਹੋਵੇਗਾ। ਪਾਈਨ ਟੋਲ ਪਲਾਜ਼ਾ (ਸੰਗਰੂਰ-ਦੋਗਲ ਕਲਾਂ) ‘ਤੇ ਕਾਰਾਂ ਲਈ ਇੱਕ ਪਾਸੇ ਦੀ ਫੀਸ ₹95 ਅਤੇ ਦੋ-ਪਾਸੜ ਫੀਸ ₹145 ਤੈਅ ਕੀਤੀ ਗਈ ਹੈ। ਬੱਸਾਂ ਅਤੇ ਟਰੱਕਾਂ ਲਈ ਇਹ ਫੀਸ ਕ੍ਰਮਵਾਰ ₹325 ਅਤੇ ₹485 ਹੋਵੇਗੀ।

NHAI ਦੇ ਅਧਿਕਾਰੀਆਂ ਮੁਤਾਬਕ, ਇਹ ਸੋਧ ਥੋਕ ਮੁੱਲ ਸੂਚਕਾਂਕ (WPI) ਨਾਲ ਜੁੜੇ ਸੋਧੇ ਹੋਏ ਟੋਲ ਢਾਂਚੇ ਦੇ ਤਹਿਤ ਕੀਤੀ ਗਈ ਹੈ। ਪਿਛਲੇ ਸਾਲ ਕੁਝ ਥਾਵਾਂ ‘ਤੇ ਫੀਸ ਘਟਾਈ ਗਈ ਸੀ, ਜਿਸ ਨੂੰ ਹੁਣ ਸੋਧੇ ਹੋਏ ਸਿਸਟਮ ਅਨੁਸਾਰ ਮੁੜ ਬਹਾਲ ਕੀਤਾ ਗਿਆ ਹੈ। ਖੇਤਰ ਦੇ 50 ਤੋਂ ਵੱਧ ਟੋਲ ਪਲਾਜ਼ਿਆਂ ‘ਤੇ ਨਵੀਆਂ ਦਰਾਂ ਨੋਟੀਫਾਈ ਕੀਤੀਆਂ ਗਈਆਂ ਹਨ, ਹਾਲਾਂਕਿ ਜ਼ਿਆਦਾਤਰ ਥਾਵਾਂ ‘ਤੇ ਇਹ ਵਾਧਾ ਸੀਮਤ ਰੱਖਿਆ ਗਿਆ ਹੈ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।