Punjab News: ਅਧਿਕਾਰੀ ਤੋਂ ਤੰਗ ਆ ਕੇ ਨੌਜਵਾਨ ਨੇ ਨਹਿਰ ‘ਚ ਮਾਰੀ ਛਾਲ, ਖ਼ੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ
ਜ਼ੀਰਕਪੁਰ, 15 ਜੁਲਾਈ 2026- ਜ਼ੀਰਕਪੁਰ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ 30 ਸਾਲਾ ਨੌਜਵਾਨ ਤਰੁਣ ਵਰਮਾ ਵੱਲੋਂ ਕੰਪਨੀ ਅਧਿਕਾਰੀ ਤੋਂ ਕਥਿਤ ਤੌਰ ਉੱਤੇ ਤੰਗ ਆ ਕੇ ਖ਼ੁਦਕੁਸ਼ੀ ਕਰਨ ਦਾ ਬੇਹੱਦ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਤਰੁਣ ਨੇ ਪਿੰਡ ਖੇੜੀ ਗੰਡਿਆਂ ਕੋਲੋਂ ਲੰਘਦੀ ਨਰਵਾਣਾ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਹਾਲਾਂਕਿ ਨੌਜਵਾਨ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਹੋ ਸਕੀ ਹੈ, ਪਰ ਪੁਲਿਸ ਅਤੇ ਗੋਤਾਖੋਰਾਂ ਵੱਲੋਂ ਨਹਿਰ ਵਿੱਚ ਭਾਲ ਲਗਾਤਾਰ ਜਾਰੀ ਹੈ।
ਪੁਲਿਸ ਨੂੰ ਨਹਿਰ ਦੇ ਕੰਢੇ ਤੋਂ ਮ੍ਰਿਤਕ ਤਰੁਣ ਵਰਮਾ ਦਾ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਇਸ ਮੋਬਾਈਲ ਦੀ ਜਾਂਚ ਕਰਨ ‘ਤੇ ਉਸ ਵਿੱਚੋਂ ਇੱਕ ਵੀਡੀਓ ਮਿਲੀ, ਜੋ ਤਰੁਣ ਨੇ ਛਾਲ ਮਾਰਨ ਤੋਂ ਠੀਕ ਪਹਿਲਾਂ ਰਿਕਾਰਡ ਕੀਤੀ ਸੀ। ਇਸ ਵੀਡੀਓ ਵਿੱਚ ਮ੍ਰਿਤਕ ਨੇ ਕੰਪਨੀ ਦੇ ਪ੍ਰਾਜੈਕਟ ਹੈੱਡ ਮਨੀਸ਼ ਬੱਤਰਾ ’ਤੇ ਗੰਭੀਰ ਦੋਸ਼ ਲਾਏ ਹਨ। ਤਰੁਣ ਨੇ ਦੱਸਿਆ ਕਿ ਪ੍ਰਾਜੈਕਟ ਹੈੱਡ ਵੱਲੋਂ ਉਸ ਨੂੰ ਮਾਨਸਿਕ ਤੌਰ ਉੱਤੇ ਬਹੁਤ ਜ਼ਿਆਦਾ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਹ ਇਹ ਖ਼ੌਫ਼ਨਾਕ ਕਦਮ ਚੁੱਕਣ ਲਈ ਮਜਬੂਰ ਹੋਇਆ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰ ਵੱਲੋਂ ਦਿੱਤੇ ਬਿਆਨਾਂ ਮੁਤਾਬਕ ਕੰਪਨੀ ਦੇ ਉੱਚ ਅਧਿਕਾਰੀਆਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਤਰੁਣ ’ਤੇ ਨੌਕਰੀ ਛੱਡਣ ਲਈ ਲਗਾਤਾਰ ਨਾਜਾਇਜ਼ ਦਬਾਅ ਬਣਾਇਆ ਜਾ ਰਿਹਾ ਸੀ। ਇਸੇ ਮਾਨਸਿਕ ਤਣਾਅ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ।
ਮ੍ਰਿਤਕ ਦੇ ਭਰਾ ਗੌਰਵ ਵਰਮਾ ਦੀ ਸ਼ਿਕਾਇਤ ਅਤੇ ਫ਼ੋਨ ਵਿੱਚੋਂ ਮਿਲੀ ਵੀਡੀਓ ਨੂੰ ਆਧਾਰ ਬਣਾ ਕੇ ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ। ਪੁਲਿਸ ਨੇ ਮੁਲਜ਼ਮ ਪ੍ਰਾਜੈਕਟ ਹੈੱਡ ਮਨੀਸ਼ ਬੱਤਰਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਜਰਨੈਲ ਸਿੰਘ ਭੁੱਲਰ ਨੇ ਕੇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਵੱਲੋਂ ਲਾਸ਼ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ।



