PM Modi will give a big gift to Punjab tomorrow! PM ਮੋਦੀ ਕੱਲ੍ਹ ਦੇਣਗੇ ਪੰਜਾਬ ਨੂੰ ਵੱਡਾ ਤੋਹਫ਼ਾ; ਕਈ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ
ਜਲੰਧਰ, 16 ਜੁਲਾਈ 2026
PM Modi will give a big gift to Punjab tomorrow! ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਪੰਜਾਬ ਦੇ ਦੌਰੇ ‘ਤੇ ਹਨ, ਜਿੱਥੇ ਉਹ ਜਲੰਧਰ ਵਿਖੇ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਕਈ ਅਹਿਮ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। 5,470 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਇਹ ਪ੍ਰਾਜੈਕਟ ਪੰਜਾਬ ਵਿੱਚ ਆਵਾਜਾਈ ਦੇ ਸੰਪਰਕ ਨੂੰ ਹੋਰ ਮਜ਼ਬੂਤ ਕਰਨ, ਯਾਤਰੀਆਂ ਦੀ ਸਹੂਲਤ ਵਿੱਚ ਸੁਧਾਰ ਕਰਨ ਅਤੇ ਖੇਤਰ ਦੇ ਆਰਥਿਕ ਵਿਕਾਸ ਨੂੰ ਨਵੀਂ ਗਤੀ ਦੇਣ ਲਈ ਤਿਆਰ ਕੀਤੇ ਗਏ ਹਨ।
ਪੀਐੱਮਓ (PMO) ਦਫ਼ਤਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਪ੍ਰਧਾਨ ਮੰਤਰੀ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਦੇ ਤਹਿਤ ਦੇਸ਼ ਭਰ ਵਿੱਚ ਪੁਨਰ-ਵਿਕਸਤ ਕੀਤੇ ਗਏ 75 ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨਗੇ। ਇਸ ਪ੍ਰੋਗਰਾਮ ਵਿੱਚ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਇੱਕ ਮੁੱਖ ਆਕਰਸ਼ਣ ਹੋਵੇਗਾ। ਲਗਭਗ 125 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਸਟੇਸ਼ਨ ਨੂੰ ਹੁਣ ਵਿਸ਼ਵ-ਪੱਧਰੀ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ, ਜਿਸ ਵਿੱਚ ਆਧੁਨਿਕ ਏਅਰ ਕੌਨਕੋਰਸ, ਨਵੇਂ ਫੁੱਟ ਓਵਰ ਬ੍ਰਿਜ ਅਤੇ ਯਾਤਰੀਆਂ ਲਈ ਵਿਸ਼ਾਲ ਵੇਟਿੰਗ ਏਰੀਆ ਸ਼ਾਮਲ ਹਨ।
ਇਸ ਯੋਜਨਾ ਤਹਿਤ ਪੰਜਾਬ ਦੇ ਹੋਰ ਸਟੇਸ਼ਨਾਂ ਜਿਵੇਂ ਕਿ ਮੋਹਾਲੀ, ਮੁਕਤਸਰ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਵੀ ਵਰਚੁਅਲ ਤਰੀਕੇ ਨਾਲ ਕੀਤਾ ਜਾਵੇਗਾ। ਇਹ ਪ੍ਰੋਗਰਾਮ ਦੁਨੀਆ ਦੇ ਸਭ ਤੋਂ ਵੱਡੇ ਸਟੇਸ਼ਨ ਪੁਨਰ-ਵਿਕਾਸ ਪ੍ਰੋਗਰਾਮਾਂ ਵਿੱਚੋਂ ਇੱਕ ਹੈ, ਜੋ ‘ਵਿਰਾਸਤ ਵੀ, ਵਿਕਾਸ ਵੀ’ ਦੇ ਮੰਤਰ ਨੂੰ ਸਮਰਪਿਤ ਹੈ।
ਇਸ ਦੌਰੇ ਦੌਰਾਨ ਇੱਕ ਹੋਰ ਅਹਿਮ ਘਟਨਾ ‘ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਐਕਸਪ੍ਰੈੱਸ’ ਦੀ ਸ਼ੁਰੂਆਤ ਹੋਵੇਗੀ, ਜੋ ਜਲੰਧਰ ਨੂੰ ਵਾਰਾਣਸੀ ਨਾਲ ਜੋੜੇਗੀ। ਇਹ ਰੇਲ ਸੇਵਾ ਖੇਤਰ ਦੇ ਸ਼ਰਧਾਲੂਆਂ ਅਤੇ ਯਾਤਰੀਆਂ ਲਈ ਇੱਕ ਵੱਡੀ ਸਹੂਲਤ ਸਾਬਤ ਹੋਵੇਗੀ।
ਰੇਲਵੇ ਤੋਂ ਇਲਾਵਾ, ਪ੍ਰਧਾਨ ਮੰਤਰੀ ਕਈ ਸੜਕੀ ਪ੍ਰਾਜੈਕਟਾਂ ਦੀ ਨੀਂਹ ਵੀ ਰੱਖਣਗੇ। ਇਸ ਵਿੱਚ ਅੰਬਾਲਾ-ਚੰਡੀਗੜ੍ਹ ਗ੍ਰੀਨਫੀਲਡ ਹਾਈਵੇਅ ਦਾ PR-7 ਸਪਰ ਅਤੇ ਜ਼ੀਰਕਪਰ ਗ੍ਰੀਨਫੀਲਡ ਬਾਈਪਾਸ ਵਰਗੇ ਪ੍ਰਾਜੈਕਟ ਸ਼ਾਮਲ ਹਨ, ਜੋ ਲੰਬੀ ਦੂਰੀ ਦੇ ਆਵਾਜਾਈ ਨੂੰ ਸੁਚਾਰੂ ਬਣਾਉਣਗੇ ਅਤੇ ਸ਼ਹਿਰੀ ਭੀੜ-ਭੜੱਕੇ ਨੂੰ ਘਟਾਉਣ ਵਿੱਚ ਮਦਦਗਾਰ ਹੋਣਗੇ।
ਪ੍ਰਧਾਨ ਮੰਤਰੀ ਦਾ ਇਹ ਦੌਰਾ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਇੱਕ ਨਵੀਂ ਉਡਾਣ ਦੇਣ ਲਈ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਪ੍ਰਧਾਨ ਮੰਤਰੀ ਦੇ ਇਸ ਦੌਰੇ ਲਈ ਸੁਰੱਖਿਆ ਅਤੇ ਹੋਰ ਪ੍ਰਬੰਧ ਪੂਰੇ ਕਰ ਲਏ ਗਏ ਹਨ।



