ਰਾਹਤ ਭਰੀ ਖ਼ਬਰ! ਪੰਜਾਬ ‘ਚ PRTC ਦੀ ਹੜਤਾਲ ਖ਼ਤਮ, ਬਰਖਾਸਤ ਆਗੂ ਨੂੰ ਮੈਨੇਜਮੈਂਟ ਨੇ ਕੀਤਾ ਬਹਾਲ
ਪਟਿਆਲਾ/ਸਾਹਿਬਜ਼ਾਦਾ ਅਜੀਤ ਸਿੰਘ ਨਗਰ 17 ਜੁਲਾਈ 2026
ਪੀਆਰਟੀਸੀ (PRTC) ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾਈ ਚੇਅਰਮੈਨ ਗੁਰਪ੍ਰੀਤ ਸਿੰਘ ਗੁਰੀ ਦੀ ਬਰਖਾਸਤਗੀ ਨੂੰ ਲੈ ਕੇ ਛਿੜਿਆ ਵਿਵਾਦ ਆਖ਼ਰਕਾਰ ਸੁਲਝ ਗਿਆ ਹੈ। ਮੈਨੇਜਮੈਂਟ ਵੱਲੋਂ ਸੂਬਾਈ ਆਗੂ ਨੂੰ ਨੌਕਰੀ ‘ਤੇ ਬਹਾਲ ਕਰਨ ਦੇ ਭਰੋਸੇ ਮਗਰੋਂ ਯੂਨੀਅਨ ਨੇ ਕਰੀਬ 20 ਘੰਟਿਆਂ ਤੋਂ ਚੱਲ ਰਹੀ ਸੂਬਾਈ ਹੜਤਾਲ ਵਾਪਸ ਲੈ ਲਈ ਹੈ। ਇਸ ਹੜਤਾਲ ਕਾਰਨ ਪੰਜਾਬ ਭਰ ਵਿੱਚ ਬੱਸ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਅਤੇ ਆਮ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਪੀਆਰਟੀਸੀ ਮੈਨੇਜਮੈਂਟ ਨੇ ਇੱਕ ਮਾਮਲੇ ਵਿੱਚ ਅਨੁਸ਼ਾਸਨੀ ਕਾਰਵਾਈ ਕਰਦਿਆਂ ਯੂਨੀਅਨ ਆਗੂ ਗੁਰਪ੍ਰੀਤ ਗੁਰੀ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। ਇਸ ਫੈਸਲੇ ਤੋਂ ਭੜਕੀ ਯੂਨੀਅਨ ਨੇ ਤੁਰੰਤ ਪ੍ਰਭਾਵ ਨਾਲ ਸੂਬਾ ਪੱਧਰੀ ਹੜਤਾਲ ਦਾ ਐਲਾਨ ਕਰ ਦਿੱਤਾ। ਯੂਨੀਅਨ ਦੇ ਸੂਬਾਈ ਆਗੂ ਹਰਕੇਸ਼ ਵਿੱਕੀ (ਪਟਿਆਲਾ) ਨੇ ਦਾਅਵਾ ਕੀਤਾ ਕਿ ਇਸ ਹੜਤਾਲ ਦੌਰਾਨ ਪੀਆਰਟੀਸੀ ਦੀਆਂ ਕਰੀਬ 1300 ਬੱਸਾਂ ਵਿੱਚੋਂ ਅੱਧੀਆਂ ਤੋਂ ਵੱਧ ਭਾਵ 800 ਬੱਸਾਂ ਦਾ ਚੱਕਾ ਜਾਮ ਰਿਹਾ।
ਦੂਜੇ ਪਾਸੇ, ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਹੜਤਾਲ ਦੇ ਪ੍ਰਭਾਵ ਨੂੰ ਘੱਟ ਦੱਸਦਿਆਂ ਕਿਹਾ ਕਿ ਅਦਾਰੇ ਦੇ ਪੱਕੇ ਮੁਲਾਜ਼ਮ ਇਸ ਹੜਤਾਲ ਦਾ ਹਿੱਸਾ ਨਹੀਂ ਸਨ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਵੱਲੋਂ ਪਹਿਲਾਂ ਹੀ ਬਦਲਵੇਂ ਪ੍ਰਬੰਧ ਕਰ ਲਏ ਗਏ ਸਨ, ਜਿਸ ਕਾਰਨ ਮੁਸਾਫ਼ਰਾਂ ਨੂੰ ਜ਼ਿਆਦਾ ਦਿੱਕਤ ਨਹੀਂ ਆਉਣ ਦਿੱਤੀ ਗਈ।
ਹੜਤਾਲ ਦੇ ਕਾਰਨ ਪੈਦਾ ਹੋਈ ਸਥਿਤੀ ਨੂੰ ਦੇਖਦਿਆਂ ਮੈਨੇਜਮੈਂਟ ਅਤੇ ਯੂਨੀਅਨ ਆਗੂਆਂ ਵਿਚਾਲੇ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਬਣੀ ਸਹਿਮਤੀ ਤਹਿਤ ਗੁਰਪ੍ਰੀਤ ਗੁਰੀ ਨੂੰ ਬਹਾਲ ਕਰਨ ਦਾ ਫੈਸਲਾ ਲਿਆ ਗਿਆ। ਇਸ ਫੈਸਲੇ ਤੋਂ ਬਾਅਦ ਕਰੀਬ 2 ਵਜੇ ਯੂਨੀਅਨ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ, ਜਿਸ ਨਾਲ ਬੱਸ ਸੇਵਾਵਾਂ ਮੁੜ ਬਹਾਲ ਹੋ ਗਈਆਂ।
ਇਸ ਦੌਰਾਨ ਸਿਆਸੀ ਹਲਕਿਆਂ ਵੱਲੋਂ ਵੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ। ਸਨੌਰ ਤੋਂ ਕਾਂਗਰਸੀ ਆਗੂ ਬਲਿਹਾਰ ਸ਼ਮਸਪੁਰ ਅਤੇ ਗੌਰਵ ਸੰਧੂ ਨੇ ਮੁਲਾਜ਼ਮਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਸਰਕਾਰ ਅਤੇ ਮੈਨੇਜਮੈਂਟ ਨੂੰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਹੜਤਾਲਾਂ ਨਾ ਹੋਣ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਵੇ।



